ਅੰਮਿ੍ਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਇਮਾਰਤ 'ਚ ਧਮਾਕਾ ਹੋਇਆ ਹੈ, ਜਿਸ 'ਚ 12 ਲੋਕ ਜ਼ਖ਼ਮੀ ਹੋ ਗਏ ਹਨ | ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸੁਪਰੀਮ ਕੋਰਟ ਦੀ ਬੇਸਮੈਂਟ 'ਚ ਸਥਿਤ ਕੰਟੀਨ 'ਚ ਇਕ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ | ਹਾਲਾਂਕਿ, ਉਥੋਂ ਦੇ ਸਥਾਨਕ ਮੀਡੀਆ ਨੇ ਬਾਅਦ 'ਚ ਰਿਪੋਰਟ ਦਿੱਤੀ ਕਿ ਇਹ ਧਮਾਕਾ ਏਅਰ ਕੰਡੀਸ਼ਨਿੰਗ ਸਿਸਟਮ ਦੀ ਮੁਰੰਮਤ ਦੌਰਾਨ ਹੋਇਆ | ਅਚਾਨਕ ਹੋਏ ਧਮਾਕੇ ਨਾਲ ਸੁਪਰੀਮ ਕੋਰਟ ਦੀ ਇਮਾਰਤ 'ਚ ਦਹਿਸ਼ਤ ਫ਼ੈਲ ਗਈ, ਜਿਸ ਕਾਰਨ ਵਕੀਲ, ਜੱਜ ਸਟਾਫ਼ ਅਤੇ ਹੋਰ ਕਰਮਚਾਰੀ ਘਬਰਾਹਟ 'ਚ ਆਪਣੇ ਕਮਰਿਆਂ 'ਚੋਂ ਨਿਕਲ ਕੇ ਬਾਹਰ ਭੱਜ ਗਏ | ਇਸਲਾਮਾਬਾਦ ਦੇ ਆਈ. ਜੀ. ਪੀ. ਅਲੀ ਨਾਸਿਰ ਰਿਜ਼ਵੀ ਨੇ ਕਿਹਾ ਕਿ ਕੰਟੀਨ 'ਚੋਂ ਕਈ ਦਿਨਾਂ ਤੋਂ ਗੈਸ ਲੀਕ ਹੋ ਰਹੀ ਸੀ | ਉਨ੍ਹਾਂ ਕਿਹਾ ਕਿ ਜ਼ਖ਼ਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਹੈ ਜਦਕਿ ਏਅਰ ਕੰਡੀਸ਼ਨਰ ਟੈਕਨੀਸ਼ੀਅਨ ਦਾ ਸਰੀਰ ਲਗਭਗ 80 ਫ਼ੀਸਦੀ ਸੜ ਗਿਆ ਹੈ |