ਅੰਮਿ੍ਤਸਰ, 4 ਨਵੰਬਰ (ਰੇਸ਼ਮ ਸਿੰਘ)-2 ਕੁੜੀਆਂ ਉਪਰੰਤ ਗਰਭ 'ਚ ਤੀਜੀ ਕੁੜੀ ਹੋਣ ਦਾ ਪਤਾ ਲੱਗਣ 'ਤੇ ਔਰਤ ਦਾ ਗਰਭਪਾਤ ਕਰਨ ਵੇਲੇ ਔਰਤ ਦੀ ਹੋਈ ਦੁਖਦਾਈ ਮੌਤ ਸਮਾਜ 'ਚ ਕੁੜੀਆਂ ਪ੍ਰਤੀ ਹਾਲੇ ਵੀ ਨਫਰਤ ਦਾ ਸਬੂਤ ਸਾਬਤ ਹੋਈ ਹੈ ਅਤੇ ਸਮਾਜ ਦੀ ਸੋਚ ਬਦਲਣ ਲਈ ਹਾਲੇ ਕਾਫੀ ਸਮਾਂ ਲੱਗ ਸਕਦਾ ਹੈ | ਇਹ ਪ੍ਰਗਟਾਵਾ ਅੱਜ ਇਥੇ ਔਰਤਾਂ ਦੇ ਹੱਕਾਂ 'ਚ ਅਵਾਜ਼ ਚੁਕਣ ਵਾਲੀ ਸਮਾਜ ਸੇਵਿਕਾ ਤੇ ਪ੍ਰਧਾਨ ਐਂਟੀ ਕੁਰਪਸ਼ਨ ਬੋਰਡ ਸ੍ਰੀਮਤੀ ਪ੍ਰਭਜੋਤ ਕੌਰ ਨੇ ਕਰਦਿਆਂ ਦਸਿਆ ਕਿ ਇਸ ਮਾਮਲੇ 'ਚ ਭਾਵੇਂ ਗਰਭਪਾਤ ਕਰਨ ਵਾਲੀ ਔਰਤ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਪਰ ਉਸਦਾ ਪਤੀ ਆਪਣੀ ਪਤਨੀ ਨੂੰ ਹਸਪਤਾਲ ਛੱਡ ਕੇ ਫਰਾਰ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਘਟਨਾ ਗੁਰੂ ਨਗਰੀ 'ਚ ਵਾਪਰੀ ਹੈ ਜੋ ਕਿ ਸ਼ਰਮਨਾਕ ਹੈ ਜਦੋਂ ਕਿ ਇਕ ਵਿਆਹੁਤਾ ਔਰਤ ਜਿਸਦੀਆਂ 2 ਨੰਨੀਆਂ ਤੇ ਮਾਸੂਮ ਧੀਆਂ ਪਹਿਲਾ ਹੀ ਸਨ ਤੇ ਜਦੋਂ ਹੁਣ ਉਹ ਦੁਬਾਰਾ ਗਰਭਵਤੀ ਹੋਈ ਤਾਂ ਅਲਟਰਾਸਾਉਂਡ ਰਾਹੀਂ ਪਤਾ ਲੱਗਾ ਕਿ ਗਰਭ 'ਚ ਪਲ ਰਿਹਾ ਭਰੂਣ ਤੀਜੀ ਕੁੜੀ ਦਾ ਹੈ | ਉਨ੍ਹਾਂ ਕਿਹਾ ਕਿ ਸਮਾਜ ਤੋਂ ਇਲਾਵਾ ਇਸ ਲਈ ਸਰਕਾਰ ਤੇ ਖਾਸਕਰ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜੋ ਹਾਲੇ ਵੀ ਲੁੱਕ ਛਿਪ ਕੇ ਅਲਟਰਾਸਾਉਂਡ ਹੋ ਰਹੇ ਹਨ ਤੇ ਇਸ ਦੀਆਂ ਖ਼ਬਰਾਂ ਲਗਾਤਾਰ ਮਿਲਦੀਆਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਪੀੜਤ ਔਰਤ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਮੂਹਰੇ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ |