ਮਜੀਠਾ, 4 ਨਵੰਬਰ (ਜਗਤਾਰ ਸਿੰਘ ਸਹਿਮੀ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ 7 ਨਵੰਬਰ ਨੂੰ ਤਰਨਤਾਰਨ ਵਿਚ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸੰਬੰਧੀ ਇਕ ਮਹੱਤਵਪੂਰਨ ਇਕੱਤਰਤਾ ਮਜੀਠਾ ਵਿਖੇ ਹੋਈ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਹਰੀਆਂ ਨੇ ਕੀਤੀ | ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਆਨਲਾਈਨ ਹੜਤਾਲ ਨੂੰ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਸਰਕਾਰ ਵਲੋਂ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਬਾਰੇ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ | ਉਨ੍ਹਾਂ ਦੱਸਿਆ ਕਿ ਯੂਨੀਅਨ ਦੀ ਇਕੱਤਰਤਾ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਹੈ ਕਿ 7 ਨਵੰਬਰ ਨੂੰ ਤਰਨਤਾਰਨ ਵਿਚ ਵਿਸ਼ਾਲ ਰੈਲੀ ਕੀਤੀ ਜਾਵੇਗੀ | ਗੁਰਮਿੰਦਰ ਕੌਰ ਹਰੀਆਂ ਨੇ ਕਿਹਾ ਕਿ ਸਰਕਾਰ ਵਲੋਂ ਆਨਲਾਈਨ ਕੰਮ ਲਈ ਨਾ ਹੀ ਮੋਬਾਈਲ ਫੋਨ ਮੁਹੱਈਆ ਕਰਵਾਏ ਗਏ ਹਨ ਅਤੇ ਨਾ ਹੀ ਨੈੱਟ ਡਾਟਾ ਲਈ ਰਕਮ ਦਿੱਤੀ ਗਈ ਹੈ, ਜਿਸ ਕਾਰਨ ਐੱਫ. ਆਰ. ਐੱਸ. ਦਾ ਆਨਲਾਈਨ ਕੰਮ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਗਿਆ ਹੈ | ਉਨ੍ਹਾਂ ਐਲਾਨ ਕੀਤਾ ਕਿ 14 ਨਵੰਬਰ ਨੂੰ ਸੂਬੇ ਦੇ ਸਾਰੇ ਸੀ. ਡੀ. ਪੀ. ਓ. ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਅਮਨਦੀਪ ਕੌਰ ਮਜੀਠਾ, ਹਰਜੀਤ ਕੌਰ, ਅਨੂਪ ਕੌਰ, ਕੁਲਦੀਪ ਕੌਰ (ਮਜੀਠਾ ਸਰਕਲ), ਚਰਨਜੀਤ ਡੱਡੀਆਂ, ਰਮਨਦੀਪ ਕੌਰ (ਨਾਗਕਲਾਂ ਸਰਕਲ), ਸਤਿੰਦਰਜੀਤ ਕੌਰ, ਸੁਖਵਿੰਦਰ ਕੌਰ ਤੇ ਪ੍ਰੀਤੀ ਬਾਲਾ (ਸਰਕਲ ਸ਼ਾਮਨਗਰ), ਜਗਦੀਸ਼ ਕੌਰ, ਜਸਵਿੰਦਰ ਕੌਰ ਤੇ ਨੀਲਮ (ਸਰਕਲ ਚਵਿੰਡਾ ਦੇਵੀ), ਮਮਤਾ ਤੇ ਅਮਿ੍ਤਪਾਲ ਕੌਰ (ਸਰਕਲ ਥ੍ਰੀਏਵਾਲ), ਜਨਕ ਰਾਣੀ ਤੇ ਰਾਜਵਿੰਦਰ ਕੌਰ (ਸਰਕਲ ਕੱਥੂਨੰਗਲ) ਆਦਿ ਹੋਰ ਹਾਜ਼ਰ ਸਨ |