18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਅੰਮਿ੍ਤਸਰ ਦੀ ਸੁਰੱਖਿਆ 'ਤੇ ਨਜ਼ਰ ਰੱਖਣ ਲਈ ਲਗਾਏ ਸੀ. ਸੀ. ਟੀ. ਵੀ. ਕੈਮਰੇ ਖ਼ੁਦ ਚੋਰਾਂ ਦੇ ਨਿਸ਼ਾਨੇ 'ਤੇ

ਅਜੀਤ ਡੈਸਕ 07-11-2025

ਅੰਮਿ੍ਤਸਰ, 6 ਨਵੰਬਰ (ਸੁਰਿੰਦਰ ਕੋਛੜ)-ਅੰਮਿ੍ਤਸਰ ਸ਼ਹਿਰ ਦੀ ਸੁਰੱਖਿਆ, ਵਾਹਨਾਂ ਦੀ ਆਵਾਜਾਈ ਅਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ 'ਤੇ ਬਾਜ਼ ਨਜ਼ਰ ਰੱਖਣ ਲਈ ਲਗਾਏ ਗਏ ਸੀ. ਸੀ. ਟੀ. ਵੀ. ਕੈਮਰੇ ਖ਼ੁਦ ਚੋਰਾਂ ਦੇ ਨਿਸ਼ਾਨੇ 'ਤੇ ਹਨ | ਸਮਾਰਟ ਸਿਟੀ ਦੇ ਲਗਭਗ 105 ਕਰੋੜ ਰੁਪਏ ਦੀ ਲਾਗਤ ਵਾਲੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਪ੍ਰੋਜੈਕਟ 'ਤੇ ਚੋਰਾਂ ਦੀਆਂ ਕਾਰਵਾਈਆਂ ਭਾਰੀ ਪੈ ਰਹੀਆਂ ਹਨ | ਸ਼ਹਿਰ ਦੇ ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਨੇ ਦੱਸਿਆ ਅਕਤੂਬਰ 2022 'ਚ ਅੰਮਿ੍ਤਸਰ ਸਮਾਰਟ ਸਿਟੀ ਲਿਮਟਿਡ ਨੇ ਆਈ. ਸੀ. ਸੀ. ਸੀ. ਪ੍ਰੋਜੈਕਟ ਸ਼ੁਰੂ ਕੀਤਾ ਸੀ, ਜਿਸ ਦਾ ਉਦੇਸ਼ 409 ਥਾਵਾਂ 'ਤੇ 1168 ਸੀ. ਸੀ. ਟੀ. ਵੀ. ਕੈਮਰੇ ਲਗਾ ਕੇ ਇਕ ਅਤਿ-ਆਧੁਨਿਕ ਨਿਗਰਾਨੀ ਪ੍ਰਣਾਲੀ ਸਥਾਪਿਤ ਕਰਨਾ ਸੀ | ਇਸ ਪ੍ਰੋਜੈਕਟ ਤਹਿਤ ਚਿਹਰਿਆਂ ਦੀ ਪਛਾਣ ਕਰਨ ਵਾਲੇ 50 ਕੈਮਰੇ, 10 ਐੱਲ. ਈ. ਡੀ. ਸਕ੍ਰੀਨਾਂ ਅਤੇ 50 ਚੌਕਾਂ 'ਤੇ ਇਕ ਜਨਤਕ ਚਿਤਾਵਨੀ ਪ੍ਰਣਾਲੀ ਸ਼ੁਰੂ ਕੀਤੀ ਗਈ | ਉਨ੍ਹਾਂ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੇ 26 ਮਹੀਨਿਆਂ 'ਚ ਚੋਰਾਂ ਨੇ ਲਗਭਗ 49 ਲੱਖ ਰੁਪਏ ਦੀਆਂ 750 ਬੈਟਰੀਆਂ ਚੋਰੀ ਕੀਤੀਆਂ ਹਨ | ਚੋਰਾਂ ਨੇ ਤਿੰਨ ਥਾਵਾਂ ਤੋਂ 4 ਖੰਭਿਆਂ ਦੇ ਨਾਲ-ਨਾਲ ਕੈਮਰੇ ਵੀ ਚੋਰੀ ਕਰ ਲਏ ਹਨ | ਬੈਟਰੀਆਂ ਦੇ ਨਾਲ-ਨਾਲ ਕੇਬਲ, ਨੈੱਟਵਰਕ ਸਵਿੱਚ ਅਤੇ ਯੂ. ਪੀ. ਐੱਸ. ਸਿਸਟਮ ਵੀ ਚੋਰੀ ਹੋ ਗਏ ਹਨ |
ਇੰਜ. ਪਵਨ ਸ਼ਰਮਾ ਨੇ ਕਿਹਾ ਕਿ ਮਹੱਤਵਪੂਰਨ ਅਤੇ ਭਾਰੀ ਸੁਰੱਖਿਆ ਵਾਲੇ ਸੰਵੇਦਨਸ਼ੀਲ ਸਥਾਨਾਂ ਦੇ ਬਾਹਰੋਂ ਬੈਟਰੀਆਂ ਚੋਰੀ ਹੋਣ ਨਾਲ ਸ਼ਹਿਰ ਦੀ ਸੁਰੱਖਿਆ ਲਈ ਲਗਾਏ ਗਏ ਕੈਮਰਿਆਂ ਦੀ ਨਿਗਰਾਨੀ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਚੋਰਾਂ ਵਲੋਂ ਬੈਟਰੀਆਂ ਚੋਰੀ ਕਰਨ ਕਰਕੇ ਬੈਟਰੀ ਬੈਕ-ਅਪ ਦੀ ਘਾਟ ਕਾਰਨ ਬਿਜਲੀ ਜਾਣ 'ਤੇ ਕੈਮਰੇ ਬੰਦ ਹੋ ਜਾਂਦੇ ਹਨ | ਇਸ ਕਾਰਨ ਸ਼ਹਿਰ 'ਚ ਨਿਰੰਤਰ ਸੀ. ਸੀ. ਟੀ. ਵੀ. ਨਿਗਰਾਨੀ ਸੰਭਵ ਨਹੀਂ ਹੈ | ਬੈਟਰੀਆਂ ਚੋਰੀ ਹੋਣ ਕਾਰਨ 65 ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਗਾਤਾਰ ਕੰਮ ਨਹੀਂ ਕਰ ਰਹੇ ਹਨ | ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਨੇ ਚੋਰੀ ਦੀਆਂ ਇਨ੍ਹਾਂ ਕਾਰਵਾਈਆਂ 'ਤੇ ਲਗਾਮ ਲਗਾਉਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਚੋਰਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਨੂੰ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਜਾਵੇਗਾ |

ਪਿਛਲੀ ਖ਼ਬਰ ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ਸੰਬੰਧੀ ਗੁ: ਸ਼ਹੀਦਗੰਜ ਸਾਹਿਬ ਵਿਖੇ ਬੈਠਕ ਹੋਈ ਅਗਲੀ ਖ਼ਬਰ ਅੱਜ ਸਵੇਰੇ ਨਗਰ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਵੇਗਾ- ਰੂਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।