ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸੰਯੁਕਤ ਕਿਸਾਨ ਮੋਰਚਾ ਅਤੇ ਬਿਜਲੀ ਬੋਰਡ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਸਾਝੀਂ ਮੀਟਿੰਗ ਬਲਬੀਰ ਸਿੰਘ ਮੂਧਲ ਦੀ ਪ੍ਰਧਾਨਗੀ ਹੇਠ ਜਮਹੂਰੀ ਕਿਸਾਨ ਸਭਾ ਦੇ ਅੰਮਿ੍ਤਸਰ ਦਫਤਰ ਵਿਖੇ ਹੋਈ | ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਬਿਜਲੀ ਬਿੱਲ 2025 ਹਰ ਕਿਸਮ ਦੀ ਸਬਸਿਡੀ ਅਤੇ ਕਰਾਸ ਸਬਸਿਡੀ ਦੀ ਸਹੂਲਤ ਖਤਮ ਕਰ ਦੇਵੇਗਾ, ਜਿਸ ਨਾਲ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ | ਇਸ ਲਈ ਪੰਜਾਬ ਸਰਕਾਰ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਸੱਦ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੇ | ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਹੀ ਕੇਂਦਰ ਸਰਕਾਰ ਵਲੋਂ ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ, ਇਸ ਨਾਲ ਬੀਜ ਖੋਜ ਅਤੇ ਉਤਪਾਦਨ 'ਤੇ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਕਬਜਾ ਹੋਣ ਨਾਲ ਬੀਜ ਮਹਿੰਗੇ ਹੋਣ ਕਾਰਨ ਆਮ ਕਿਸਾਨੀ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ | ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ 8 ਦਸੰਬਰ ਦਿਨ ਸੋਮਵਾਰ ਨੂੰ ਪੰਜਾਬ ਰਾਜ ਬਿਜਲੀ ਬੋਰਡ ਅੰਮਿ੍ਤਸਰ ਜ਼ਿਲ੍ਹੇ ਦੀਆਂ ਸਾਰੀਆਂ ਸਭ ਡਵੀਜਨਾਂ ਤੇ 12 ਤੋਂ 3 ਵਜੇ ਤੱਕ ਵੱਡੇ ਧਰਨੇ ਦੇਣ ਉਪਰੰਤ ਉਕਤ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਇਸ ਤੋਂ ਇਲਾਵਾ ਮੀਟਿੰਗ ਅੰਦਰ ਪਨਬਸ ਅਤੇ ਪੈਪਸੂ ਰੋਡਵੇਜ ਦੇ ਮੁਲਾਜਮਾਂ ਦੇ ਸੰਘਰਸ਼ ਦੀ ਪੁਰਜੋਰ ਹਿਮਾਇਤ ਕੀਤੀ ਗਈ | ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਰਤਨ ਸਿੰਘ ਰੰਧਾਵਾ, ਲਖਬੀਰ ਸਿੰਘ ਨਿਜਾਮਪੁਰ, ਕਸ਼ਮੀਰ ਸਿੰਘ ਢੰਗਈ, ਪ੍ਰਗਟ ਸਿੰਘ ਚਾਹੜਪੁਰ, ਸਤਨਾਮ ਸਿੰਘ ਝੰਡੇਰ, ਸੁੱਚਾ ਸਿੰਘ ਅਜਨਾਲਾ, ਗੁਰਦੇਵ ਸਿੰਘ ਵਰਪਾਲ, ਭੁਪਿੰਦਰਜੀਤ ਸਿੰਘ ਛੀਨਾ, ਅਮਰੀਕ ਸਿੰਘ ਸੰਗਤਪੁਰਾ, ਕੁਲਵਿੰਦਰ ਸਿੰਘ ਮਾਨ, ਸ਼ਮਸ਼ੇਰ ਸਿੰਘ ਹੇਰ, ਟਹਿਲ ਸਿੰਘ ਚੇਤਨਪੁਰਾ, ਬਿਜਲੀ ਬੋਰਡ ਦੀਆਂ ਮੁਲਾਜਮ ਜਥੇਬੰਦੀਆਂ ਵਲੋਂ ਕਿ੍ਸ਼ਨ ਸਿੰਘ ਔਲਖ, ਮਲਕੀਤ ਸਿੰਘ ਸਹਿੰਸਰਾ, ਨਰਿੰਦਰ ਬੱਲ, ਮਨਜੀਤ ਸਿੰਘ ਬਾਸਰਕੇ, ਕੁਲਦੀਪ ਸਿੰਘ ਉੱਦੋਕੀ ਅਤੇ ਨਵਦੀਪ ਸਿੰਘ ਚੱਕ ਸਕੰਦਰ ਆਦਿ ਹਾਜ਼ਰ ਸਨ |