ਅੰਮਿ੍ਤਸਰ, 3 ਦਸੰਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ ਬੱਸ ਸਟੈਂਡ 'ਚ ਰੌਣਕ ਮੁੜ ਪਰਤ ਆਈ ਹੈ ਅਤੇ ਸਾਰੇ ਰੂਟ ਬਹਾਲ ਹੋਣ 'ਤੇ ਯਾਤਰੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬੱਸਾਂ 'ਚ ਸਫਰ ਕਰਦੇ ਨਜ਼ਰ ਆਏ | ਦੂਜੇ ਪਾਸੇ ਸਟਾਲ ਵਾਲਿਆਂ, ਮੋਚੀਆਂ ਸਮੇਤ ਹੋਰਨਾਂ ਨੂੰ ਵੱਡੀ ਰਾਹਤ ਮਿਲੀ ਹੈ | ਜ਼ਿਕਰਯੋਗ ਹੈ ਕਿ ਟਰਾਂਸਪੋਰਟ ਵਿਭਾਗ ਦੇ ਕੱਚੇ ਕਾਮਿਆਂ ਦੀ ਹੜਤਾਲ ਦੇ ਚਲਦਿਆਂ ਬੱਸ ਸਟੈਂਡ 'ਤੇ ਚਾਰ ਦਿਨ ਯਾਤਰੀਆਂ ਦੀ ਗਿਣਤੀ ਆਮ ਦਿਨਾਂ ਨਾਲੋਂ ਕਾਫੀ ਘੱਟ ਰਹੀ | ਰੋਡਵੇਜ਼ ਦੇ ਇਕ ਕਰਮਚਾਰੀ ਦੇ ਦੱਸਣ ਅਨੁਸਾਰ ਅੱਜ ਸਰਕਾਰੀ ਬੱਸ ਸੇਵਾ ਨਿਰਵਿਘਨ ਚਲਦੀ ਰਹੀ ਅਤੇ ਬੱਸ ਸਟੈਂਡ 'ਤੇ ਯਾਤਰੀਆਂ ਦੀ ਗਿਣਤੀ ਪਿਛਲੇ ਚਾਰ ਦਿਨਾਂ ਦੀ ਤੁਲਨਾ 'ਚ ਕਾਫੀ ਜ਼ਿਆਦਾ ਦਿਖਾਈ ਦਿੱਤੀ | ਉਨ੍ਹਾਂ ਦੱਸਿਆ ਕਿ ਜਲੰਧਰ, ਲੁਧਿਆਣਾ, ਅੰਬਾਲਾ, ਚੰਡੀਗੜ੍ਹ, ਦਿੱਲੀ, ਪਠਾਨਕੋਟ, ਗੁਰਦਾਸਪੁਰ, ਬਟਾਲਾ, ਤਰਨ-ਤਾਰਨ, ਪੱਟੀ, ਖੇਮਕਰਨ, ਦੇਹਰਾਦੂਨ, ਰਿਸ਼ੀਕੇਸ਼, ਗੰਗਾਨਗਰ, ਹਮੀਰਪੁਰ, ਸ਼ਿਮਲਾ, ਮਨਾਲੀ, ਡਲਹੌਜੀ ਸਮੇਤ ਲੋਕਲ ਰੂਟ ਬਹਾਲ ਹੋ ਗਏ ਹਨ | ਉਨ੍ਹਾਂ ਦੇ ਦੱਸਣ ਅਨੁਸਾਰ ਅੱਜ ਅੰਮਿ੍ਤਸਰ ਬੱਸ ਸਟੈਂਡ 'ਤੇ ਯਾਤਰੀਆਂ ਦੀ ਗਿਣਤੀ 30 ਹਜ਼ਾਰ ਤੋਂ ਵਧੇਰੇ ਰਹੀ | ਬੱਸ ਸਟੈਂਡ 'ਚ ਮੌਜੂਦ ਇਕ ਚਾਹ ਦੇ ਸਟਾਲ 'ਤੇ ਕੰਮ ਕਰਦੇ ਵਿਅਕਤੀ ਨੇ ਦੱਸਿਆ ਕਿ ਪਿਛਲੇ ਚਾਰ ਦਿਨ ਬੜੇ ਔਖੇ ਕੱਢੇ | ਯਾਤਰੀਆਂ ਦੀ ਗਿਣਤੀ ਬਹੁਤ ਘੱਟ ਰਹਿਣ ਕਰਕੇ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੁੰਦੇ ਰਹੇ | ਇਸੇ ਪ੍ਰਕਾਰ ਜਲੰਧਰ ਕਾਉਂਟਰ ਦੇ ਨੇੜੇ ਲੋਕਾਂ ਦੇ ਬੂਟ ਪਾਲਸ਼ ਕਰਕੇ ਰੋਜ਼ੀ-ਰੋਟੀ ਕਮਾਉਣ ਵਾਲੇ ਇਕ ਮੋਚੀ ਨੇ ਹੜਤਾਲ ਦੇ ਚਲਦੇ ਕੱਟੀ ਮੰਦੀ ਬਾਰੇ ਜਾਣਕਾਰੀ ਦਿੱਤੀ |