ਤਰਨ ਤਾਰਨ, 15 ਜੂਨ (ਪਰਮਜੀਤ ਜੋਸ਼ੀ)-ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਲਖਬੀਰ ਸਿੰਘ ਰਟੌਲ ਨੇ ਅਹਿਮਦਾਬਾਦ ਵਿਖੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਣ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਰਟੌਲ ਨੇ ਕਿਹਾ ਕਿ ਇਹ ਇਕ ਕੌਮੀ ਤਰਾਸਦੀ ਹੈ, ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਜਹਾਜ਼ ਵਿਚ ਸਵਾਰ 200 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ | ਇਹ ਹਾਦਸਾ ਮਨੁੱਖੀ ਜਾਨਾਂ ਦਾ ਇਕ ਵੱਡਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਡਾਣ ਭਰਨ ਤੋਂ ਕੁੱਝ ਮਿੰਟਾਂ ਬਾਅਦ ਹੀ ਜਹਾਜ਼ ਦਾ ਰਿਹਾਇਸ਼ੀ ਇਲਾਕੇ ਵਿਚ ਡਿੱਗਣਾ ਇਕ ਦਿਲ ਕੰਬਾਊ ਹਾਦਸਾ ਹੈ, ਜਿਸ ਨੇ ਅਨੇਕਾਂ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ | ਉਨ੍ਹਾਂ ਕਿਹਾ ਇਸ ਹਾਦਸੇ ਨੇ ਨਾ ਸਿਰਫ ਕਈ ਕੀਮਤੀ ਜਾਨਾਂ ਨੂੰ ਨਿਗਲ ਲਿਆ, ਸਗੋਂ ਸੈਂਕੜੇ ਪਰਿਵਾਰਾਂ ਦੀਆਂ ਜ਼ਿੰਦਗੀਆਂ 'ਚ ਅਚਾਨਕ ਇਕ ਖ਼ਾਲੀਪਨ ਪੈਦਾ ਕਰ ਦਿੱਤਾ | ਇਨ੍ਹਾਂ ਜਾਨਾਂ ਦੀ ਹਾਨੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਇਹ ਹਾਦਸਾ ਕੇਵਲ ਏਅਰ ਇੰਡੀਆ ਦੀ ਉਡਾਣ ਦੀ ਅਸਫ਼ਲਤਾ ਨਹੀਂ ਸੀ, ਸਗੋਂ ਇਹ ਪੂਰੇ ਹਵਾਈ ਯਾਤਰਾ ਪ੍ਰਣਾਲੀ 'ਤੇ ਸਵਾਲ ਚੁੱਕਣ ਵਾਲੀ ਘਟਨਾ ਹੈ | ਇਸ ਹਾਦਸੇ ਨੂੰ ਲੋਕ ਕਦੇ ਨਹੀਂ ਭੁੱਲਣਗੇ | ਕੇਂਦਰ ਸਰਕਾਰ ਨੂੰ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ | ਉਨ੍ਹਾਂ ਪੀੜਤ ਪਰਿਵਾਰਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ |