ਤਰਨ ਤਾਰਨ, 15 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੀ ਮੀਟਿੰਗ ਕਾਂਗਰਸ ਭਵਨ ਤਰਨ ਤਾਰਨ ਵਿਖੇ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਦੇ ਸਮੂਹ ਬਲਾਕ ਪ੍ਰਧਾਨਾਂ, ਵੱਖ-ਵੱਖ ਵਿੰਗਾਂ ਦੇ ਜ਼ਿਲ੍ਹਾ ਪ੍ਰਧਾਨਾਂ, ਸੀਨੀਅਰ ਕਾਂਗਰਸੀ ਆਗੂਆਂ ਤੇ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਕਾਂਗਰਸੀ ਵਰਕਰਾਂ ਨੇ ਭਰਵੀਂ ਸ਼ਿਰਕਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਲੁਧਿਆਣਾ ਵਿਖੇ ਹੋ ਵਿਧਾਨ ਸਭਾ ਦੀ ਸੀਟ ਵਾਸਤੇ ਅਰਵਿੰਦ ਕੇਜਰੀਵਾਲ ਨੇ ਸਿਆਸਤ ਦੇ ਸਾਰੇ ਅਸੂਲਾਂ ਨੂੰ ਛਿੱਕੇ ਟੰਗਿਆ ਹੋਇਆ ਹੈ ਅਤੇ ਉਹ ਇਹ ਸੀਟ ਜਿੱਤ ਕੇ ਚੋਰ ਦਰਵਾਜ਼ੇ ਰਾਹੀਂ ਪੰਜਾਬ ਵਿਚ ਵਿਧਾਨਕ ਤੌਰ 'ਤੇ ਦਾਖਲ ਹੋਣਾ ਚਾਹੁੰਦੇ ਹਨ, ਪਰ ਲੁਧਿਆਣਾ ਦੇ ਸੂਝਵਾਨ ਤੇ ਪੜ੍ਹੇ ਲਿਖੇ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਗਾ ਰਹੇ | ਗਿੱਲ ਨੇ ਆਖਿਆ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸੀਸ ਆਸਨ ਹੋ ਕੇਜਰੀਵਾਲ ਵਲੋਂ ਪੰਜਾਬ ਵਿਰੋਧੀ ਕੀਤੀਆਂ ਜਾ ਰਹੀਆਂ ਕਰਤੂਤਾਂ ਸਾਹਮਣੇ ਸਟੇਜਾਂ 'ਤੇ ਬੇਸ਼ਰਮੀ ਦਾ ਨੰਗਾ ਨਾਚ ਨੱਚ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਇਸ ਹਲਕੇ ਤੋਂ ਵਿਧਾਇਕ ਦੀ ਮੌਤ ਹੋ ਜਾਣ ਕਰਕੇ ਇਹ ਸੀਟ ਖ਼ਾਲੀ ਹੋਈ ਸੀ, ਜਿਸ 'ਤੇ ਪਹਿਲਾ ਹੱਕ ਉਸ ਦੇ ਪਰਿਵਾਰ ਦਾ ਬਣਦਾ ਸੀ ਅਤੇ ਬਾਅਦ ਵਿਚ ਆਮ ਆਦਮੀ ਪਾਰਟੀ ਦੇ ਹੀ ਕਿਸੇ ਆਗੂ ਜਾਂ ਵਰਕਰ ਨੂੰ ਇਸ ਹਲਕੇ ਤੋਂ ਟਿਕਟ ਦੇ ਕੇ ਚੋਣ ਲੜਾਉਣੀ ਚਾਹੀਦੀ ਸੀ, ਪਰ ਕੇਜਰੀਵਾਲ ਨੇ ਉਸਦੇ ਪਰਿਵਾਰ ਨੂੰ ਇਸ ਲਈ ਨਜ਼ਰਅੰਦਾਜ਼ ਕਰ ਦਿੱਤਾ, ਕਿਉਂਕਿ ਇਸ ਹਲਕੇ ਦੇ ਸਵਰਗੀ ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਾਇਆ ਗਿਆ ਝੂਠਾ ਨੀਂਹ ਪੱਥਰ ਇਹ ਕਹਿ ਕੇ ਤੋੜ ਦਿੱਤਾ ਸੀ ਕਿ ਜੇਕਰ ਕੋਈ ਕੰਮ ਹੀ ਨਹੀਂ ਕਰਨਾ ਤਾਂ ਫਿਰ ਨੀਂਹ ਪੱਥਰ ਲਾਉਣ ਦਾ ਕੀ ਮਕਸਦ ਹੈ | ਉਨ੍ਹਾਂ ਨੇ ਕਿਹਾ ਕਿ ਗੁੜਗਾਉਂ ਦੇ ਇਕ ਮੌਜੂਦਾ ਰਾਜ ਸਭਾ ਮੈਂਬਰ, ਜਿਸਨੂੰ ਪੰਜਾਬ ਨਾਲ ਧਰੋਹ ਕਮਾਉਂਦੇ ਹੋਏ ਕੇਜਰੀਵਾਲ ਨੇ ਪਹਿਲਾਂ ਰਾਜ ਸਭਾ ਦਾ ਮੈਂਬਰ ਬਣਾਇਆ ਸੀ, ਹੁਣ ਉਸ ਕੋਲੋਂ ਰਾਜ ਸਭਾ ਦੀ ਮੈਂਬਰੀ ਇਸ ਕਰਕੇ ਖੋਹੀ ਜਾ ਰਹੀ ਹੈ ਕਿ ਇਸ ਦਰਵਾਜ਼ੇ ਰਾਹੀਂ ਕੇਜਰੀਵਾਲ ਆਪ ਰਾਜ ਸਭਾ ਮੈਂਬਰ ਬਣ ਸਕੇ, ਪਰ ਲੋਕ ਹੁਣ ਉਸਦੀਆਂ ਪੰਜਾਬ ਵਿਰੋਧੀ ਚਾਲਾਂ ਨੂੰ ਸਮਝ ਗਏ ਹਨ ਅਤੇ ਉਸਦੀਆਂ ਗੱਲਾਂ ਵਿੱਚ ਨਹੀਂ ਆ ਰਹੇ | ਹਰਮਿੰਦਰ ਸਿੰਘ ਗਿੱਲ ਨੇ ਸਮੁੱਚੇ ਜ਼ਿਲ੍ਹੇ ਵਿਚੋਂ ਆਏ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਮਿਤੀ 17 ਨੂੰ ਸਵੇਰੇ ਮੋਗਾ ਰੋਡ ਸਥਿਤ ਕਾਂਗਰਸ ਪਾਰਟੀ ਦੇ ਉਮੀਦਵਾਰ ਆਸ਼ੂਤੋਸ਼ ਦੇ ਦਫ਼ਤਰ ਵਿਖੇ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ, ਤਾਂ ਜੋ ਉੱਥੇ ਇਕ ਵਿਸ਼ਾਲ ਵਿਕਟਰੀ ਜਲੂਸ ਕੱਢਿਆ ਜਾ ਸਕੇ | ਗਿੱਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਜੂਨ ਮਹੀਨੇ ਦੇ ਆਖਰੀ ਦਿਨਾਂ ਵਿਚ ਜ਼ਿਲ੍ਹਾ ਪੱਧਰੀ ਸਵਿੰਧਾਨ ਬਚਾਓ ਰੈਲੀ ਕੀਤੀ ਜਾਵੇਗੀ ਜਿਸ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਹਲਕਿਆਂ ਦੇ ਸਾਬਕਾ ਵਿਧਾਇਕਾਂ, ਪੀ.ਪੀ.ਸੀ. ਮੈਂਬਰ, ਸੀਨੀਅਰ ਕਾਂਗਰਸੀ ਆਗੂ ਤੇ ਵਰਕਰ ਭਾਰੀ ਗਿਣਤੀ ਵਿਚ ਹਿੱਸਾ ਲੈਣਗੇ | ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਸ਼ਿਰਕਤ ਕਰੇਗੀ | ਇਸ ਮੌਕੇ ਅਵਤਾਰ ਸਿੰਘ ਤਨੇਜਾ, ਕਰਨਬੀਰ ਸਿੰਘ ਬੁਰਜ, ਮਨਿੰਦਰਪਾਲ ਸਿੰਘ ਪਲਾਸੌਰ, ਸੁਮੀਤ ਕੁਮਾਰ ਸੌਂਧੀ, ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਬਲਾਕ ਪ੍ਰਧਾਨ ਨਵਰੀਤ ਸਿੰਘ ਜੱਲੇਵਾਲ ਅਤੇ ਬਰਕਤ ਸਿੰਘ ਵੋਹਰਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਾਊ ਬਸੰਤ ਲਾਲ ਟਰਾਂਸਪੋਰਟਰ, ਤਰਸੇਮ ਕੁਮਾਰ ਸ਼ਰਮਾ, ਜੋਗਿੰਦਰਪਾਲ ਵੇਦੀ ਹਰੀਕੇ, ਸੋਨੂੰ ਹਰੀਕੇ, ਗੁਰਮੇਲ ਸਿੰਘ ਬਲਾਕ ਪ੍ਰਧਾਨ ਤੂਤ, ਸੁਖਵਿੰਦਰ ਸਿੰਘ ਸੰਗਵਾਂ, ਮਨਜੀਤ ਸਿੰਘ ਲਾਡੀ ਸਰਪੰਚ ਕਾਲੇਕੇ, ਨਗਰ ਕੌਂਸਲ ਪੱਟੀ ਦੇ ਸਾਬਕਾ ਪ੍ਰਧਾਨ ਦਲਬੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸੁੱਖ, ਸੁਖਦੇਵ ਸਿੰਘ ਭੌਰਾ ਅਤੇ ਪੱਟੀ ਦੇ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਵੀ ਹਾਜ਼ਰ ਸਨ |