ਤਰਨ ਤਾਰਨ, 19 ਜੂਨ (ਹਰਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਕੁੱਝ ਪਲਾਟਾਂ ਦੀ ਕਰਵਾਈ ਗਈ ਨਿਲਾਮੀ ਨੂੰ ਪੂਰੀ ਪਾਰਦਰਸ਼ਤਾ ਅਤੇ ਵੀਡੀਓਗ੍ਰਾਫ਼ੀ ਰਾਹੀਂ ਕਰਵਾਇਆ ਗਿਆ | ਪਲਾਟਾਂ ਦੀ ਨਿਲਾਮੀ ਸਮੇਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ, ਸ਼ੋ੍ਰਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਸ਼ੋ੍ਰਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਵੀ ਮੌਜੂਦ ਸਨ | ਕੁੱਝ ਲੋਕ ਇਸ ਨਿਲਾਮੀ 'ਤੇ ਰਾਜਨੀਤੀ ਕਰਕੇ ਸ਼ੋ੍ਰਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਇਸ ਦੇ ਵਿਚ ਕੋਈ ਸੱਚਾਈ ਨਹੀਂ ਹੈ | ਇਹ ਜਾਣਕਾਰੀ ਪਲਾਟਾਂ ਦੀ ਬੋਲੀ ਦੇਣ ਵਾਲੇ ਗਗਨਦੀਪ ਸਿੰਘ, ਜਸਪਾਲ ਸਿੰਘ ਪਾਲਾ, ਗੁਰਮੀਤ ਸਿੰਘ ਰਾਜਪੂਤ ਤੋਂ ਇਲਾਵਾ ਬਰਿੰਦਰ ਸਿੰਘ ਰਾਜੂ ਬਜਾਜ ਆਦਿ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤ ਵਾਲੇ ਜਿਹੜੇ ਪਲਾਟ ਨਿਲਾਮ ਕੀਤੇ ਗਏ ਹਨ, ਉਸ ਸੰਬੰਧੀ ਪਹਿਲਾਂ ਨਿਲਾਮੀ ਅਤੇ ਸ਼ਰਤਾਂ ਸੰਬੰਧੀ ਸਾਰੇ ਸ਼ਹਿਰ ਵਿਚ ਇਸ਼ਤਿਹਾਰ ਲਗਾਏ ਗਏ ਸਨ ਅਤੇ ਇਹ ਸਾਰੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚੜ੍ਹੀ ਹੈ | ਉਨ੍ਹਾਂ ਦੱਸਿਆ ਕਿ ਇਸ ਨਿਲਾਮੀ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਮੈਂਬਰਾਂ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ ਅਤੇ ਸੰਬੰਧਿਤ ਵਿਭਾਗ ਦੇ ਨੁੰਮਾਇੰਦੇ ਵੀ ਮੌਜੂਦ ਰਹੇ ਹਨ | ਇਸ ਸਾਰੀ ਨਿਲਾਮੀ ਦੀ ਸ਼ੋ੍ਰਮਣੀ ਕਮੇਟੀ ਵਲੋਂ ਵੀਡੀਓਗ੍ਰਾਫ਼ੀ ਕੀਤੀ ਗਈ, ਜੋ ਕਿ ਰਿਕਾਰਡ ਵਿਚ ਮੌਜੂਦ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਹ ਪਲਾਟ ਮਾਰਕੀਟ ਰੇਟ ਤੋਂ ਵੱਧ ਰੇਟ ਦੇ ਕੇ ਹਾਸਲ ਕੀਤੇ ਹਨ | ਜਿਹੜੇ ਲੋਕ ਇਸ ਨਿਲਾਮੀ ਸੰਬੰਧੀ ਕਿੰਤੂ-ਪ੍ਰੰਤੂ ਕਰ ਰਹੇ ਹਨ, ਉਹ ਲੋਕ ਸ਼ੋ੍ਰਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਸਿਰਫ਼ ਕੋਸ਼ਿਸ਼ ਕਰ ਰਹੇ ਹਨ, ਜਦਕਿ ਉਨ੍ਹਾਂ ਦਾ ਸੰਬੰਧ ਸਿਰਫ਼ ਨਿਲਾਮੀ ਵਿਚ ਹਿੱਸਾ ਲੈ ਕੇ ਬੋਲੀ ਦੇਣ ਤੱਕ ਹੈ | ਉਨ੍ਹਾਂ ਕਿਹਾ ਕਿ ਇਸ ਖੁੱਲ੍ਹੀ ਬੋਲੀ ਵਿਚ ਹਰ ਕਿਸੇ ਨੂੰ ਬੋਲੀ ਦੇਣ ਦਾ ਅਧਿਕਾਰ ਸੀ ਅਤੇ ਜਿਨ੍ਹਾਂ ਬੋਲੀਕਾਰਾਂ ਨੇ ਵੱਧ ਬੋਲੀ ਦਿੱਤੀ, ਉਨ੍ਹਾਂ ਨੂੰ ਹੀ ਸਫ਼ਲ ਬੋਲੀਕਾਰ ਮੰਨਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਇਲਜ਼ਾਮ ਘੱਟ ਬੋਲੀ ਦੇ ਲਗਾਏ ਗਏ ਹਨ, ਉਹ ਬਿਲਕੁਲ ਗ਼ਲਤ ਹਨ | ਜੇਕਰ ਕਿਸੇ ਨੂੰ ਇਸ 'ਤੇ ਇਤਰਾਜ ਸੀ ਤਾਂ ਉਹ ਵੱਧ ਬੋਲੀ ਦੇ ਕੇ ਇਹ ਪਲਾਟ ਹਾਸਲ ਕਰ ਸਕਦਾ ਸੀ | ਹੁਣ ਬੋਲੀ ਤੋਂ ਬਾਅਦ ਇਸ 'ਤੇ ਕਿੰਤੂ ਪ੍ਰੰਤੂ ਕਰਨਾ ਸ਼ੋਭਾ ਨਹੀਂ ਦਿੰਦਾ |