ਮੀਆਂਵਿੰਡ, 23 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਪਿੰਡ ਮੀਆਂਵਿੰਡ ਵਿਖੇ ਸਮੂਹ ਦੇਵਗਨ ਪਰਿਵਾਰਾਂ ਅਤੇ ਲੱਖੂਵਾਲੀਏ ਪਰਿਵਾਰ ਵਲੋਂ ਇਲਾਕੇ ਦੀ ਸੰਗਤ ਨਾਲ ਰਲਕੇ ਸਲਾਨਾ ਮੇਲਾ ਜਠੇਰਿਆਂ ਦਾ ਮਨਾਇਆ ਗਿਆ | ਸਵਰਗੀ ਹਰਭਜਨ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਉਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆਂ | ਜਿਸ ਵਿਚ ਨਾਮਵਰ ਕਲਾਕਾਰ ਗੁਰਵਿੰਦਰ ਬਰਾੜ, ਹਰਸ਼ ਪੰਧੇਰ, ਕਿਰਨ ਸ਼ਰਮਾ, ਜ਼ਾਰਾ ਗਿੱਲ ਵਲੋਂ ਪਹੁੰਚੇ ਹੋਏ ਦਰਸ਼ਕਾਂ ਨੂੰ ਆਪਣੇ ਗੀਤਾਂ ਰਾਹੀਂ ਝੂਮਣ ਲਾ ਦਿੱਤਾ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਸ਼ਾਮ ਨੂੰ ਕਬੱਡੀ ਦੇ ਮੈਚ ਕਰਵਾਏ ਗਏ ਤੇ ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਟਰਾਫੀਆਂ ਨਾਲ ਨਿਵਾਜਿਆ ਗਿਆ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ ਉਚੇਚੇ ਤੌਰ 'ਤੇ ਪਹੁੰਚੇ ਜਿੱਥੇ ਮੇਲੇ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਫੋਟੋ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਦੇਵਗਨ ਪਰਿਵਾਰਾਂ ਵਲੋਂ ਇਹ ਮੇਲਾ ਹਰ ਸਾਲ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦੂਰੋਂ ਦੂਰੋਂ ਲੋਕ ਇਸ ਜਗ੍ਹਾ 'ਤੇ ਨਤਮਸਤਕ ਹੋਣ ਪਹੁੰਚਦੇ ਹਨ | ਇਸ ਮੌਕੇ ਉਨ੍ਹਾਂ ਨਾਲ ਓ.ਬੀ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬਾਊ ਭੈਣੀ, ਸਰਕਲ ਪ੍ਰਧਾਨ ਬੌਬੀ ਬੋਦੇਵਾਲ, ਜਸ ਭੋਰਸ਼ੀ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਆੜ੍ਹਤੀ ਰਾਮ ਲੁਭਾਇਆ, ਦੇਵਗਨ ਬਲਵਿੰਦਰ ਸਿੰਘ, ਕੇਸ਼ੀ ਪਹਿਲਵਾਨ ਬਿਆਸ, ਅਮਰਜੀਤ ਸਿੰਘ ਬ੍ਰਾਹਮਣ, ਡਾਕਟਰ ਨਵਨੀਤ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ ਸਰਾਂ, ਸਾਬਕਾ ਸਰਪੰਚ ਬਲਵਿੰਦਰ ਸਿੰਘ ਮੀਆਂਵਿੰਡ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕ ਅਤੇ ਦੇਵਗਨ ਬਰਾਦਰੀ ਦੇ ਪਰਿਵਾਰ ਹਾਜ਼ਰ ਸਨ |