ਤਰਨ ਤਾਰਨ, 23 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਦਾਜ ਦੇ ਲਾਲਚੀਆਂ ਵਲੋਂ ਵਿਆਹੁਤਾ ਨੂੰ ਚੰਨੀ ਨਾਲ ਫਾਹ ਦੇ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ 'ਤੇ ਪੁਲਿਸ ਨੇ ਵਿਅਹੁਤਾ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਵੈਰੋਂਵਾਲ ਵਿਖੇ ਕੁਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਵਾਸੀ ਸੱਕਿਆਂਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੇ ਪਤੀ ਜਸਬੀਰ ਸਿੰਘ ਅਤੇ ਸਹੁਰੇ ਸੁਖਦੇਵ ਸਿੰਘ ਵਲੋਂ ਪਹਿਲਾਂ ਵੀ ਲੜਾਈ ਝਗੜੇ ਦੌਰਾਨ ਮੇਰੀ ਕਈ ਵਾਰ ਕੁੱਟਮਾਰ ਕਰਕੇ ਮੇਰੇ ਕੋਲੋ ਮੋਟਰਸਾਈਕਲ ਦੀ ਮੰਗ ਕਰਦੇ ਰਹਿੰਦੇ ਸੀ, ਮੇਰਾ ਪਰਿਵਾਰ ਗਰੀਬ ਹੋਣ ਕਰਕੇ ਕੋਈ ਹੋਰ ਦਾਜ ਦਹੇਜ ਨਹੀਂ ਦੇ ਸਕਦੇ, ਇਸ ਕਰਕੇ ਮੇਰਾ ਪਤੀ ਜਸਬੀਰ ਸਿੰਘ ਅਤੇ ਸਹੁਰਾ ਸੁਖਦੇਵ ਸਿੰਘ ਮੇਰੀ ਕੁੱਟਮਾਰ ਕਰਕੇ ਮੇਰੇ ਦੋਵੇਂ ਬੱਚੇ ਨਾਲ ਲੈ ਕੇ ਕਿਸੇ ਅਣਦੱਸੀ ਜਗ੍ਹਾ 'ਤੇ ਰਹਿਣ ਲੱਗ ਪਏ ਅਤੇ ਮੈਂ ਆਪਣੇ ਬੱਚੇ ਬਾਲ ਵਿਭਾਗ ਰਾਹੀਂ ਵਾਪਿਸ ਲਏ ਸੀ | 13 ਅਕਤੂਬਰ ਨੂੰ ਰਾਤ ਸਮੇਂ ਮੇਰੇ ਪਤੀ ਜਸਬੀਰ ਸਿੰਘ ਅਤੇ ਸਹੁਰਾ ਸੁਖਦੇਵ ਸਿੰਘ ਨੇ ਆਉਂਦੇ ਸਾਰ ਹੀ ਮੇਰੇ ਵਾਲਾਂ ਤੋੋਂ ਫੜ ਲਿਆ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਸਹੁਰੇ ਸੁਖਦੇਵ ਸਿੰਘ ਨੇ ਗਲ ਵਿਚ ਚੁੰਨੀ ਪਾ ਕੇ ਮੈਨੂੰ ਧੂਹ ਕੇ ਖਿੱਚ ਕੇ ਖੇਤਾਂ ਵਿਚ ਲੈ ਗਏ ਅਤੇ ਮੇਰੇ ਸਹੁਰੇ ਨੇ ਮੇਰੇ ਢਿੱਡ ਵਿਚ ਅਤੇ ਗੁਪਤ ਜਗ੍ਹਾ 'ਤੇ ਲੱਤਾਂ ਮਾਰੀਆਂ ਜਿੱਥੇ ਮੈਂ ਬੇਹੋਸ਼ ਹੋ ਗਈ ਅਤੇ ਬੇਹੋਸ਼ ਹੋਣ ਤੋੋਂ ਪਹਿਲਾਂ ਮੈਂ 112 ਹੈਲਪਲਾਈਨ 'ਤੇ ਕਾਲ ਕੀਤੀ ਸੀ ਤਾਂ ਪੁਲਿਸ ਪਾਰਟੀ ਨੇ ਮੌਕੇ 'ਤੇ ਆ ਕੇ ਗੱਡੀ ਦਾ ਪ੍ਰਬੰਧ ਕਰਕੇ ਮੈਨੂੰ ਸਰਕਾਰੀ ਹਸਪਤਾਲ ਮੀਆਂਵਿੰਡ ਦਾਖਲ ਕਰਵਾਇਆ | ਜਾਂਚ ਅਧਿਕਾਰੀ ਏ.ਐੱਸ.ਆਈ.ਬਿੱਕਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਵਿਆਹੁਤਾ ਦੇ ਪਤੀ ਜਸਬੀਰ ਸਿੰਘ ਅਤੇ ਸਹੁਰਾ ਸੁਖਦੇਵ ਸਿੰਘ ਵਾਸੀਆਨ ਸੱਕਿਆਂਵਾਲੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |