ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਨੇ ਤਰਨ ਤਾਰਨ ਜ਼ਿਮਨੀ ਚੋਣ ਵਿਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਵੀ ਸਰਗਰਮੀ ਨਾਲ ਮੁਹਿੰਮ ਵਿਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਨੇ ਤਰਨ ਤਾਰਨ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਗੁਰਪ੍ਰੀਤ ਨੇ ਕਿਹਾ ਕਿ ਅੱਜ ਔਰਤਾਂ ਦੇਸ਼ ਅਤੇ ਸਮਾਜ ਦੀ ਦਿਸ਼ਾ ਨਿਰਧਾਰਤ ਕਰ ਰਹੀਆਂ ਹਨ | 'ਆਪ' ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਔਰਤਾਂ ਦੇ ਸਨਮਾਨ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਇਤਿਹਾਸਕ ਕਦਮ ਚੁੱਕੇ ਹਨ | ਉਨ੍ਹਾਂ ਕਿਹਾ ਕਿ ਤਰਨ ਤਾਰਨ ਵਿਚ ਕਾਨੂੰਨ ਵਿਵਸਥਾ ਮਜ਼ਬੂਤ ਹੋਈ ਹੈ, ਔਰਤਾਂ ਮੁਹੱਲਾ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਕਰਵਾ ਰਹੀਆਂ ਹਨ ਅਤੇ ਬੇਟੀਆਂ ਚੰਗੇ ਸਰਕਾਰੀ ਸਕੂਲਾਂ ਤੋਂ ਸ਼ਾਨਦਾਰ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ 90 ਫ਼ੀਸਦੀ ਘਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ | ਇਸ ਨਾਲ ਲੱਖਾਂ ਪਰਿਵਾਰਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਹੋਇਆ ਹੈ | ਔਰਤਾਂ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਹੋਇਆ ਹੈ | ਉਹ ਹੁਣ ਆਪਣੇ ਪਰਿਵਾਰਾਂ ਦੇ ਬਿਹਤਰ ਭਵਿੱਖ ਲਈ ਆਪਣੀ ਬੱਚਤ ਦਾ ਨਿਵੇਸ਼ ਕਰ ਰਹੀਆਂ ਹਨ | ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਕਰਦਿਆਂ ਡਾ. ਗੁਰਪ੍ਰੀਤ ਨੇ ਕਿਹਾ ਕਿ ਮਾਨ ਸਾਹਿਬ ਦਾ ਦਿਲ ਲੋਕਾਂ ਨਾਲ ਧੜਕਦਾ ਹੈ ਅਤੇ ਰਾਜਨੀਤੀ ਉਨ੍ਹਾਂ ਲਈ ਲੋਕ ਸੇਵਾ ਦਾ ਇਕ ਮਾਧਿਅਮ ਹੈ | ਮਾਨ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ | ਆਉਣ ਵਾਲਾ ਸਾਲ ਪੰਜਾਬ ਦੀਆਂ ਔਰਤਾਂ ਲਈ ਹੋਰ ਵੀ ਖਾਸ ਹੋਣ ਵਾਲਾ ਹੈ | ਸਰਕਾਰ ਅਗਲੇ ਬਜਟ ਵਿਚ ਔਰਤਾਂ ਨੂੰ ਇਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ | ਪੰਜਾਬ ਅਤੇ ਤਰਨ ਤਾਰਨ ਦੀ ਹਰ ਔਰਤ ਨੂੰ ਜਲਦੀ ਹੀ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ, ਜਿਸ ਨਾਲ ਉਨ੍ਹਾਂ ਦੀ ਜਿੰਦਗੀ ਅਤੇ ਉਨ੍ਹਾਂ ਦੀ ਸਵੈ-ਨਿਰਭਰਤਾ ਦੋਵਾਂ ਵਿਚ ਸੁਧਾਰ ਹੋਵੇਗਾ | ਡਾ. ਗੁਰਪ੍ਰੀਤ ਨੇ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ ਘਰੇਲੂ ਕੰਮਾਂ ਵਿਚ ਯੋਗਦਾਨ ਪਾਉਂਦੇ ਹੋ, ਉਸੇ ਤਰ੍ਹਾਂ ਲੋਕਤੰਤਰ ਦੇ ਇਸ ਤਿਉਹਾਰ ਵਿਚ ਵੀ ਯੋਗਦਾਨ ਪਾਓ | ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਦੀ ਸ਼ਾਨਦਾਰ ਜਿੱਤ ਯਕੀਨੀ ਬਣਾ ਕੇ ਤਰਨ ਤਾਰਨ ਦੇ ਵਿਕਾਸ ਨੂੰ ਹੋਰ ਹੁਲਾਰਾ ਦਿਓ |