ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਜਿਵੇਂ-ਜਿਵੇਂ ਲੁਧਿਆਣਾ (ਪੱਛਮੀ) ਵਿਧਾਨ ਸਭਾ ਉਪ-ਚੋਣ ਨੇੜੇ ਆ ਰਹੀ ਹੈ, ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸੋਮਵਾਰ ਨੂੰ ਕਈ ਵਾਰਡਾਂ ਦਾ ਦੌਰਾ ਕਰਕੇ ਆਪਣੀ ਮੁਹਿੰਮ ਤੇਜ਼ ਕੀਤੀ | ਉਨ੍ਹਾਂ ਨੇ 19 ਜੂਨ ਦੀਆਂ ਚੋਣਾਂ ਲਈ ਵੋਟਰਾਂ ਨਾਲ ਜੁੜਨ ਅਤੇ ਸਮਰਥਨ ਮੰਗਣ ਲਈ ਅਗਰ ਨਗਰ, ਬਲਾਕ-ਏ (ਵਾਰਡ ਨੰ. 59), ਰਿਸ਼ੀ ਨਗਰ, ਐਫ ਬਲਾਕ (ਵਾਰਡ ਨੰ. 62) ਅਤੇ ਵਾਰਡ ਨੰ. 69 ਵਿਚ ਕਈ ਚੋਣ ਮੀਟਿੰਗਾਂ ਕੀਤੀਆਂ | ਅਗਰ ਨਗਰ (ਵਾਰਡ ਨੰ. 59) ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਅਰੋੜਾ ਨੇ ਵੋਟਰਾਂ ਨੂੰ ਈਵੀਐਮ 'ਤੇ ਨੰਬਰ 1 'ਤੇ ਰੱਖੇ ਝਾੜੂ ਦੇ ਨਿਸ਼ਾਨ 'ਤੇ ਕਲਿੱਕ ਕਰਕੇ 'ਆਪ' ਨੂੰ ਵੋਟ ਪਾਉਣ ਦੀ ਅਪੀਲ ਕੀਤੀ | 'ਆਪ' ਸਰਕਾਰ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਉਂਦੇ ਹੋਏ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਚੋਣ ਪ੍ਰਚਾਰ ਦੌਰਾਨ ਸੰਜੀਵ ਅਰੋੜਾ ਵੱਲੋਂ ਪੰਥ ਪ੍ਰਸਿੱਧ ਕੀਰਤਨੀਏ ਭਾਈ ਅਰਸ਼ਦੀਪ ਸਿੰਘ ਰਾਜਾ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਅਰਸ਼ਦੀਪ ਸਿੰਘ ਨਾਲ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕ ਸਨ | ਇਸ ਮੌਕੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਤਰਸੇਮ ਭਿੰਡਰ, ਵਾਰਡ ਇੰਚਾਰਜ ਜਤਿੰਦਰ ਖੰਗੂੜਾ ਅਤੇ ਕੌਂਸਲਰ ਪ੍ਰਦੀਪ ਸ਼ਰਮਾ ਵੀ ਮੌਜੂਦ ਸਨ | ਐੱਫ ਬਲਾਕ (ਵਾਰਡ ਨੰ. 62) ਵਿਖੇ ਅਰੋੜਾ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ | ਨਿਰੰਤਰ ਤਰੱਕੀ ਪ੍ਰਤੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਜਿੱਤ ਹਲਕੇ ਵਿਚ ਬੁਨਿਆਦੀ ਢਾਂਚੇ ਅਤੇ ਭਲਾਈ ਪ੍ਰੋਜੈਕਟਾਂ ਨੂੰ ਹੁਲਾਰਾ ਦੇਵੇਗੀ | ਉਨ੍ਹਾਂ ਦੇ ਨਾਲ ਵਾਰਡ ਇੰਚਾਰਜ ਨਵਦੀਪ ਨਵੀ, ਚੇਅਰਮੈਨ ਤਰਸੇਮ ਸਿੰਘ ਭਿੰਡਰ ਅਤੇ ਸੰਦੀਪ ਮਿਨੋਚਾ ਵੀ ਸਨ | ਵਾਰਡ ਨੰ. 69 ਵਿਖੇ ਅਰੋੜਾ ਨੇ ਸ਼੍ਰੀ ਆਤਮਾਨੰਦ ਜੈਨ ਸਭਾ ਵੱਲੋਂ ਆਯੋਜਿਤ ਇੱਕ ਕਮਿਊਨਿਟੀ ਸਮਾਗਮ ਵਿਚ ਸ਼ਿਰਕਤ ਕੀਤੀ | ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਭਾਰੀ ਸਮਰਥਨ ਲਈ ਧੰਨਵਾਦ ਕੀਤਾ |