ਢੰਡਾਰੀ ਕਲਾਂ/ਲੁਧਿਆਣਾ, 18 ਜੂਨ (ਜਸਵੀਰ ਸਿੰਘ ਬੰਗਾ)-ਥੋੜ੍ਹਾ ਜਿਹਾ ਮੀਂਹ ਪੈ ਜਾਣ ਤੋਂ ਬਾਅਦ ਢੰਡਾਰੀ ਕਲਾਂ ਤੇ ਨਾਲ ਲੱਗਦੇ ਇਲਾਕਿਆਂ ਦੀਆਂ ਸੜਕਾਂ 'ਤੇ ਜਿੱਥੇ ਪਾਣੀ ਖੜ੍ਹਾ ਹੋ ਜਾਂਦਾ ਹੈ, ਉਥੇ ਕਈ ਕਈ ਦਿਨ ਚਿੱਕੜ ਹੋਇਆ ਰਹਿੰਦਾ ਹੈ, ਜਿੱਥੇ ਪੈਦਲ ਲੰਘਣਾ ਤਾਂ ਦੂਰ ਦੀ ਗੱਲ, ਦੋ ਪਹੀਆ ਵਾਹਨ ਚਾਲਕਾਂ ਲਈ ਵੀ ਮੁਸੀਬਤ ਬਣ ਜਾਂਦੀ ਹੈ | ਜੇਕਰ ਢੰਡਾਰੀ ਕਲਾਂ, ਢੰਡਾਰੀ ਖ਼ੁਰਦ, ਈਸਟਮੈਨ ਚੌਂਕ, ਕੰਗਣਵਾਲ, ਜਸਪਾਲ ਬਾਂਗਰ, ਗਿਆਸਪੁਰਾ, ਸ਼ੇਰਪੁਰ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਪੈਣ ਤੋਂ ਬਾਅਦ ਇੱਥੋਂ ਦੇ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ | ਮੀਂਹ ਪੈਣ ਕਾਰਨ ਸੜਕਾਂ ਤੇ ਪਏ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ ਅਤੇ ਰਾਹਗੀਰਾਂ ਨੂੰ ਪਤਾ ਹੀ ਨਹੀਂ ਚੱਲਦਾ ਸੜਕ ਤੇ ਕੋਈ ਟੋਇਆਂ ਹੈ ਜਾਂ ਨਹੀਂ, ਜਿਸ ਕਾਰਨ ਇੱਥੋਂ ਲੰਘਣ ਲੱਗਿਆ ਦੋ ਪਹੀਆ ਵਾਹਨ ਚਾਲਕ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ | ਜੇਕਰ ਈਸਟਮੈਨ ਚੌਕ ਤੋਂ ਕੰਗਣਵਾਲ ਦੀ ਗੱਲ ਕੀਤੀ ਜਾਵੇ ਤਾਂ ਸੜਕ ਤੇ ਖੜ੍ਹੇ ਬਰਸਾਤੀ ਪਾਣੀ ਨੂੰ ਦੇਖ ਲੋਕ ਸਰਕਾਰ ਨੂੰ ਕੋਸਦੇ ਨਜ਼ਰ ਆਉਂਦੇ ਹਨ | ਰਾਹਗੀਰਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਸੜਕਾਂ ਤੇ ਸਥਿਤ ਰੋਡ ਜਾਲੀਆਂ ਦੀ ਸਫ਼ਾਈ ਕੀਤੀ ਜਾਵੇ ਤਾਂ ਜੋ ਮੀਂਹ ਦੇ ਪਾਣੀ ਦੀ ਨਿਕਾਸੀ ਆਸਾਨੀ ਨਾਲ ਹੋ ਸਕੇ, ਪਰ ਨਗਰ ਨਿਗਮ ਦਾ ਇਨ੍ਹਾਂ ਇਲਾਕਿਆਂ ਵੱਲ ਕੋਈ ਧਿਆਨ ਨਹੀਂ ਹੈ | ਇੰਡਸਟਰੀਅਲ ਇਲਾਕਾ ਹੋਣ ਕਾਰਨ ਕਾਰੋਬਾਰੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਦੇਣ ਦੇ ਬਾਵਜੂਦ ਇਲਾਕੇ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ | ਕਾਰੋਬਾਰੀਆਂ ਦੇ ਨਾਲ ਨਾਲ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਢੰਡਾਰੀ ਕਲਾਂ ਦੇ ਨਾਲ ਲੱਗਦੇ ਇਲਾਕਿਆਂ 'ਚ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ |