ਹਲਵਾਰਾ, 22 ਜੂਨ (ਮਨਦੀਪ ਸਿੰਘ ਉੱਭੀ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਖੇਤਾਂ ਤੱਕ ਮੋਘੇ ਪੱਕੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ | ਉਸੇ ਮੁਹਿੰਮ ਤਹਿਤ ਕੈਲੇ, ਬੁਰਜ ਲਿੱਟਾਂ, ਹਲਵਾਰਾ, ਰਾਜੋਆਣਾ ਖੁਰਦ ਤੇ ਅੱਗੇ ਛੱਜਾਵਾਲ ਤੱਕ ਜਾ ਰਹੇ ਸੂਆ, ਟੇਲ ਨੂੰ ਪੱਕਾ ਕੀਤਾ ਜਾ ਰਿਹਾ ਹੈ ਜੋ ਅਜੇ ਪਿੰਡ ਰਾਜੋਆਣਾ ਖੁਰਦ ਤੱਕ ਹੀ ਬਣਿਆ ਹੈ | ਪਿੰਡ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਉਸ ਨੇ ਇਕ ਏਕੜ ਜ਼ਮੀਨ ਠੇਕੇ 'ਤੇ ਲਈ ਜੋ ਨਵੇਂ ਬਣ ਰਹੇ ਸੂਏ ਦੇ ਕੋਲ ਸੀ, ਉਸ ਤੋਂ ਅੱਗੇ ਸੂਆ ਬਣਨਾ ਬਾਕੀ ਸੀ, ਨਹਿਰੀ ਮਹਿਕਮੇ ਵਲੋਂ ਪਾਣੀ ਛੱਡ ਦਿੱਤਾ, ਜਿਸ ਕਾਰਨ ਦੋ ਦਿਨ ਪਹਿਲਾ ਲਾਇਆ ਝੋਨਾ ਪਾਣੀ ਵਿਚ ਡੁੱਬ ਗਿਆ, ਕਰੀਬ ਵੀਹ ਹਜ਼ਾਰ ਦਾ ਨੁਕਸਾਨ ਹੋ ਗਿਆ | ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਉਸ ਦੇ ਤਿੰਨ ਏਕੜ ਵਿਚ ਵੀ ਪਾਣੀ ਆ ਗਿਆ ਨਾਲ ਹੀ ਪਿੰਡ ਦੇ ਕਈ ਘਰਾਂ ਵਿਚ ਪਾਣੀ ਜਾ ਵੜਿ੍ਹਆ | ਪਿੰਡ ਦੇ ਨੰਬਰਦਾਰ ਹਰਪਾਲ ਸਿੰਘ ਨੇ ਦੱਸਿਆ ਦੇਰ ਰਾਤ ਜਦ ਉਨ੍ਹਾਂ ਨੂੰ ਸੂਆ ਟੁੱਟਣ ਦਾ ਪਤਾ ਲੱਗਿਆ ਤਾਂ ਨਹਿਰੀ ਵਿਭਾਗ ਦੇ ਜੇ.ਈ. ਨੂੰ ਫੋਨ 'ਤੇ ਸੂਚਿਤ ਕੀਤਾ, ਪਰ ਪਾਣੀ ਬੰਦ ਨਹੀਂ ਕੀਤਾ ਗਿਆ | ਗੁਰਦੁਆਰਾ ਦੇਗਸਰ ਸਾਹਿਬ ਜੀ ਦੇ ਨੇੜਲੇ 15 ਤੋਂ ਜਿਆਦਾ ਘਰਾਂ ਵਿਚ ਵੀ ਪਾਣੀ ਜਾ ਵੜਿ੍ਹਆ | ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੌਕੇ 'ਤੇ ਬੰਨ੍ਹ ਲਾਇਆ ਗਿਆ | ਇਸ ਸਬੰਧੀ ਐੱਸ.ਡੀ.ਓ. ਦਿਵਿਆਸੂ ਸ਼ਰਮਾ ਨੇ ਦੱਸਿਆ ਰਾਜੋਆਣਾ ਖੁਰਦ ਤੋਂ ਜੋ ਅੱਗੇ ਟੇਲ ਨੂੰ ਪੱਕਾ ਕੀਤਾ ਜਾਣਾ ਹੈ, ਉਸ ਨੂੰ ਸੀਜ਼ਨ ਤੋਂ ਬਾਅਦ ਪੱਕਾ ਕਰ ਦਿੱਤਾ ਜਾਵੇਗਾ | ਹੁਣ ਕੱਚਾ ਸੂਆ ਤਿਆਰ ਕਰਨ ਲਈ ਨਰੇਗਾ ਨੂੰ ਲਿਖ ਕੇ ਭੇਜਿਆ ਗਿਆ ਹੈ, ਜਲਦੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ | ਨਹਿਰ ਵਿਭਾਗ ਦੇ ਜੇ.ਈ. ਕਸ਼ਿਸ਼ ਅਰੋੜਾ ਨੇ ਦੱਸਿਆ ਮੰਗ ਅਨੁਸਾਰ ਪਾਣੀ ਛੱਡਿਆ ਗਿਆ ਸੀ, ਜਦੋਂ ਖੇਤਾਂ ਵਿਚ ਸੂਏ ਦੇ ਪਾਣੀ ਟੁੱਟਣ ਦਾ ਪਤਾ ਲੱਗਿਆ ਤਾਂ ਪਾਣੀ ਘਟਾ ਦਿੱਤਾ ਗਿਆ ਸੀ |