ਲੁਧਿਆਣਾ, 21 ਅਕਤੂਬਰ (ਭੁਪਿੰਦਰ ਸੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਚਾਹੇ ਗੈਰ ਕਾਨੰੂਨੀ ਉਸਾਰੀਆਂ ਦੇ ਖ਼ਿਲਾਫ਼ ਨਿਰੰਤਰ ਕਾਰਵਾਈ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ, ਪਰ ਹਕੀਕਤ ਵਿਚ ਨਗਰ ਨਿਗਮ ਰਾਜਨੀਤਿਕ ਤੇ ਸਰਮਾਏਦਾਰਾਂ ਅੱਗੇ ਇਸ ਮਾਮਲੇ ਵਿਚ ਨਤਮਸਤਕ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ | ਇਕ ਅਜਿਹਾ ਹੀ ਗੰਭੀਰ ਮਾਮਲਾ ਬਾੜੇਵਾਲ ਰੋਡ 'ਤੇ ਸਥਿਤ ਬਣੇ ਰਿਹਾਇਸ਼ੀ ਕੰਪਲੈਕਸ 'ਚ ਬਣੇ ਫਲੈਟਾਂ ਨੰੂ ਲੈ ਕੇ ਸਾਹਮਣੇ ਆਇਆ ਹੈ, ਜਿਸ ਵਿਚ ਬਿਲਡਿੰਗ ਨਿਯਮਾਂ ਦੀ ਉਲੰਘਣਾ ਤੇ ਨਕਸ਼ੇ 'ਚ ਹੇਰਾਫੇਰੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪੋ੍ਰਜੈਕਟ ਦੀ ਮਨਜ਼ੂਰੀ ਸਮੇਂ ਜਿਹੜਾ ਨਕਸ਼ਾ ਨਗਰ ਨਿਗਮ ਵਲੋਂ ਪਾਸ ਕੀਤਾ ਗਿਆ ਸੀ, ਮੌਕੇ 'ਤੇ ਉਸ ਤੋਂ ਵੱਖਰੀ ਤਸਵੀਰ ਨਜ਼ਰ ਆ ਰਹੀ ਹੈ | ਸੂਤਰਾਂ ਅਨੁਸਾਰ ਕਈ ਫਲੈਟਾਂ ਦੇ ਸਾਈਜ਼ ਅਤੇ ਡਿਜਾਇਨ 'ਚ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਕੁੱਝ ਹਿੱਸਿਆਂ ਦੀ ਖੁੱਲ੍ਹੀ ਜਗ੍ਹਾ ਘਟਾ ਦਿੱਤੀ ਗਈ ਹੈ | ਕਈ ਥਾਵਾਂ 'ਤੇ ਅਧਿਕਾਰਤ ਮੰਜ਼ਿਲਾਂ ਬਣਾਈਆਂ ਗਈਆਂ ਹਨ, ਜੋ ਕਿ ਮਨਜ਼ੂਰਸ਼ੁਦਾ ਨਕਸ਼ੇ ਦਾ ਹਿੱਸਾ ਹੀ ਨਹੀਂ ਹਨ | ਇੱਥੋਂ ਤੱਕ ਕਿ ਪਾਰਕਿੰਗ ਖੇਤਰ 'ਚ ਜੋ ਮੂਲ ਰੂਪ 'ਚ ਨਿਰਧਾਰਿਤ ਕੀਤਾ ਗਿਆ ਸੀ, ਉਸ ਥਾਂ 'ਤੇ ਵੀ ਕੁੱਝ ਨਿਰਮਾਣ ਕੀਤਾ ਗਿਆ ਹੈ | ਇਸ ਪੋ੍ਰਜੈਕਟ ਵਿਚ ਇਕ ਸਾਬਕਾ ਕਾਂਗਰਸੀ ਕੌਂਸਲ ਦੀ ਹਿੱਸੇਦਾਰੀ ਹੋਣ ਬਾਰੇ ਵੀ ਦੱਸਿਆ ਜਾ ਰਿਹਾ ਹੈ | ਜਦ ਇਸ ਸੰਬੰਧੀ ਸੰਬੰਧਿਤ ਸਹਾਇਕ ਟਾਊਨ ਪਲਾਨਰ (ਐਸ.ਟੀ.ਪੀ.) ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ | ਜੇਕਰ ਬਿਲਡਿੰਗ ਕਾਨੂੰਨ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਥੇ ਹੀ ਸ਼ਹਿਰ ਦੇ ਬਿਲਡਰ ਐਸੋਸੀਏਸ਼ਨ ਦੇ ਕੁੱਝ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਨਾਲ ਸਾਰੇ ਨਿਰਮਾਤਾ ਵਰਗ ਦੀ ਛਵੀ ਖਰਾਬ ਹੁੰਦੀ ਹੈ | ਇਸ ਲਈ ਨਗਰ ਨਿਗਮ ਪ੍ਰਸ਼ਾਸਨ ਨੰੂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ | ਸ਼ਹਿਰ ਦੇ ਲੋਕਾਂ ਵਲੋਂ ਵੀ ਮੰਗ ਕੀਤੀ ਗਈ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਦੇ ਸਾਰੇ ਰਿਹਾਇਸ਼ੀ ਪੋ੍ਰਜੈਕਟਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਗਲਤ ਤਰੀਕੇ ਨਾਲ ਬਣ ਰਹੇ ਪੋ੍ਰਜੈਕਟਾਂ ਨੰੂ ਰੋਕਿਆ ਜਾ ਸਕੇ |