ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਿੱਖ ਮਿਸ਼ਨਰੀ ਕਾਲਜ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰਮਿਕ ਅਤੇ ਨੈਤਿਕ ਪ੍ਰੀਖਿਆ 25 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਲਈ ਜਾਵੇਗੀ | ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਪੰਜ ਗਰੁੱਪਾਂ ਵਿਚ ਵੰਡੀ ਗਈ ਹੈ, ਜਿਸ ਤਹਿਤ ਜ਼ੀਰੋ ਗਰੁੱਪ ਕੇ.ਜੀ ਤੋਂ ਦੂਜੀ ਕਲਾਸ, ਪਹਿਲਾ ਗਰੁੱਪ ਤੀਜੀ ਤੋਂ ਪੰਜਵੀਂ ਕਲਾਸ, ਦੂਜਾ ਗਰੁੱਪ ਛੇਵੀਂ ਤੋਂ ਅੱਠਵੀਂ ਕਲਾਸ, ਤੀਜਾ ਗਰੁੱਪ ਨੌਵੀਂ ਤੋਂ ਬਾਰ੍ਹਵੀਂ ਕਲਾਸ ਅਤੇ ਚੌਥਾ ਗਰੁੱਪ ਸਰਬੱਤ ਸੰਗਤ ਲਈ ਹੈ | ਇਨ੍ਹਾਂ ਵਿਸ਼ਿਆਂ ਦੀ ਸਿੱਖਿਆ ਵਿਦਿਆਰਥੀਆਂ ਨੂੰ ਵੱਖ-ਵੱਖ ਜ਼ੋਨਾਂ ਰਾਹੀਂ ਸਕੂਲਾਂ ਅਤੇ ਗੁਰਦੁਆਰਿਆਂ ਵਿਚ ਕਲਾਸਾਂ ਲਗਾ ਕੇ ਦਿੱਤੀ ਜਾਂਦੀ ਹੈ ਤਾਂ ਜੋ ਬੱਚਿਆਂ ਵਿਚ ਨੈਤਿਕ ਅਤੇ ਧਾਰਮਿਕ ਕਦਰਾਂ ਕੀਮਤਾਂ ਦੀ ਪ੍ਰੇਰਣਾ ਪੈਦਾ ਹੋਵੇ ਅਤੇ ਉਹ ਚੰਗੇ ਇਨਸਾਨ ਬਣ ਸਕਣ | ਇਹ ਕਲਾਸਾਂ ਆਨਲਾਈਨ ਵੀ ਉਪਲਬੱਧ ਹਨ | ਇਸ ਸਾਲ ਕੁੱਲ 28 ਜ਼ੋਨਾਂ ਤੋਂ 84,747 ਵਿਦਿਆਰਥੀ ਇਸ ਪ੍ਰੀਖਿਆ ਵਿਚ ਭਾਗ ਲੈਣਗੇ | ਪ੍ਰੀਖਿਆ ਲਈ ਲੱਗਭਗ 7 ਹਜ਼ਾਰ ਸੁਪਰਵਾਈਜ਼ਰ ਅਤੇ ਸੁਪਰਡੈਂਟ ਨਿਸ਼ਕਾਮ ਸੇਵਾ ਨਿਭਾਉਣਗੇ | ਇਸ ਪ੍ਰੀਖਿਆ ਵਿਚ ਪੰਜਾਬ ਤੋਂ ਇਲਾਵਾ ਝਾਰਖੰਡ, ਉਤਰਾਖੰਡ, ਉਤਰ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਮਹਾਂਰਾਸ਼ਟਰ, ਹਰਿਆਣਾ, ਛੱਤੀਸ਼ਗੜ ਅਤੇ ਪੱਛਮੀ ਬੰਗਾਲ ਵਰਗੇ ਰਾਜਾਂ ਤੋਂ ਵਿਦਿਆਰਥੀ ਵੀ ਭਾਗ ਲੈਣਗੇ | ਸੰਸਥਾ ਵਲੋਂ ਨਕਦ ਇਨਾਮ ਸਹਿਤ ਲਗਭਗ 20 ਲੱਖ ਰੁਪਏ ਦੇ ਇਨਾਮ ਵੀ ਭਾਗੀਦਾਰਾਂ ਵਿਚ ਵੰਡੇ ਜਾਣਗੇ |