22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜੀ.ਜੀ.ਐਨ. ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਗਜ਼ਲ ਦਰਬਾਰ ਕਰਵਾਇਆ

ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਡਾ. ਤਰਲੋਚਨ ਸਿੰਘ)-ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪ੍ਰਵਾਸੀ ਸਾਹਿੱਤ ਅਧਿਐਨ ਕੇਂਦਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਅੰਤਰਰਾਸ਼ਟਰੀ ਗ਼ਜ਼ਲ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਨੇ ਕੀਤੀ | ਪ੍ਰੋਗਰਾਮ ਦੇ ਆਰੰਭ ਵਿਚ ਡਾ. ਸ.ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਉਦਘਾਟਨੀ ਸ਼ਬਦ ਸਾਂਝੇ ਕੀਤੇ ਗਏ | ਉਨ੍ਹਾਂ ਇਸ ਆਨਲਾਈਨ ਗ਼ਜ਼ਲ ਦਰਬਾਰ ਵਿਚ ਸ਼ਾਮਿਲ ਵੱਖ ਵੱਖ ਮੁਲਕਾਂ ਦੇ ਗ਼ਜ਼ਲਗੋਆਂ ਨੂੰ ਜੀ ਆਇਆਂ ਕਿਹਾ ਅਤੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਵਿਚ ਗਏ ਇਹ ਲੇਖਕ ਆਪਣੀ ਮਾਤ ਭਾਸ਼ਾ ਅਤੇ ਸਾਹਿੱਤ ਸਿਰਜਣਾ ਦੇ ਅਮਲ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਨਿਰੰਤਰ ਜੀਵੰਤ ਰੱਖਣ ਵਿਚ ਕਾਮਯਾਬ ਹੋਏ ਹਨ | ਪ੍ਰੋ. ਸੁਰਜੀਤ ਜੱਜ ਨੇ ਪੰਜਾਬੀ ਗ਼ਜ਼ਲ ਦੇ ਮੁੱਢ ਬਾਰੇ ਵਿਚਾਰ ਕਰਦਿਆਂ ਦੱਸਿਆ ਕਿ ਆਮ ਧਾਰਨਾ ਇਹ ਹੈ ਕਿ ਪੰਜਾਬੀ ਗ਼ਜ਼ਲ ਉਰਦੂ ਤੋਂ ਰੂਪ ਧਾਰਨ ਕਰਦੀ ਹੈ, ਪਰ ਉਰਦੂ ਸ਼ਾਇਰੀ ਵਿਚ ਅਤੇ ਪੰਜਾਬੀ ਸਾਹਿਤ ਵਿਚ ਗ਼ਜ਼ਲ ਵਿਧਾ ਲਗਭਗ ਇਕੋ ਸਮੇਂ ਹੀ ਪ੍ਰਵੇਸ਼ ਕਰਦੀ ਹੈ | ਇਸ ਉਪਰੰਤ ਪ੍ਰੋ. ਸ਼ਰਨਜੀਤ ਕੌਰ ਨੇ ਗ਼ਜ਼ਲ ਦਰਬਾਰ ਦਾ ਆਰੰਭ ਕੀਤਾ, ਜਿਸ ਵਿਚ ਹਰਜਿੰਦਰ ਕੰਗ, ਸੁਰਿੰਦਰ ਸੀਰਤ, ਸੁਰਜੀਤ ਸਖੀ, ਬੀਬੀ ਸੁਰਜੀਤ ਕੌਰ, ਦਿਲ ਨਿੱਝਰ, ਮੋਹਨ ਗਿੱਲ, ਗੁਰਮਿੰਦਰ ਸਿੱਧੂ, ਕਵਿੰਦਰ ਚਾਂਦ, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ, ਬਿੰਦੂ ਮਠਾੜੂ, ਦਲਜਿੰਦਰ ਰਹਿਲ, ਡਾ. ਅਮਰਜੀਤ ਸਿੰਘ ਟਾਂਡਾ ਨੇ ਆਪਣੀਆਂ ਖ਼ੂਬਸੂਰਤ ਤੇ ਭਾਵਪੂਰਤ ਗ਼ਜ਼ਲਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ |
ਇਨ੍ਹਾਂ ਕਵੀਆਂ ਨੇ ਪ੍ਰਵਾਸੀ ਪੰਜਾਬੀ ਸਾਹਿੱਤ ਅਧਿਐਨ ਕੇਂਦਰ ਦਾ ਧੰਨਵਾਦ ਵੀ ਕੀਤਾ | ਪ੍ਰੋ. ਗੁਰਭਜਨ ਗਿੱਲ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਅੱਜ ਦੇ ਇਸ ਗ਼ਜ਼ਲ ਦਰਬਾਰ ਨੂੰ ਸੁਣ ਕੇ ਇਕ ਸੁੱਚਤਾ ਅਤੇ ਤਾਜ਼ਗੀ ਦਾ ਅਹਿਸਾਸ ਹੋਇਆ ਹੈ | ਉਨ੍ਹਾਂ ਕਿਹਾ ਕਿ ਗ਼ਜ਼ਲ ਤੋਂ ਇਲਾਵਾ ਕੋਈ ਵੀ ਸਾਹਿੱਤ ਰੂਪ ਜਿਹੜਾ ਆਪਣੀ ਮਿੱਟੀ ਦੀ ਮਹਿਕ ਤੋਂ ਕੋਰਾ ਹੈ, ਉਸ ਦੀ ਹਾਲਤ ਇਕ ਨਿਰਜਿੰਦ ਮਨੁੱਖ ਵਾਂਗ ਹੈ | ਉਨ੍ਹਾਂ ਨੇ ਗ਼ਜ਼ਲ ਦਰਬਾਰ ਵਿਚ ਸ਼ਾਮਿਲ ਸਾਰੇ ਹੀ ਗਜ਼ਲਗੋਆਂ ਦੀਆਂ ਲਿਖਤਾਂ ਬਾਰੇ ਵੀ ਆਪਣੇ ਮੁੱਲਵਾਨ ਵਿਚਾਰ ਸਾਂਝੇ ਕੀਤੇ | ਅਖੀਰ 'ਤੇ ਕਾਲਜ ਦੇ ਪਿ੍ੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ ਵਲੋਂ ਵੱਖ-ਵੱਖ ਮੁਲਕਾਂ ਤੋਂ ਸ਼ਾਮਿਲ ਹੋਏ ਸ਼ਾਇਰਾਂ ਅਤੇ ਹੋਰ ਮਹਿਮਾਨਾਂ ਦਾ ਰਸਮੀ ਤੌਰ 'ਤੇ ਧੰਨਵਾਦ ਕੀਤਾ ਗਿਆ | ਪ੍ਰੋਗਰਾਮ ਦਾ ਪ੍ਰਬੰਧ ਅਤੇ ਸੰਚਾਲਨ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਵਲੋਂ ਕੀਤਾ ਗਿਆ | ਇਸ ਗਜ਼ਲ ਦਰਬਾਰ ਵਿਚ ਕੈਨੇਡਾ ਤੋਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਕਹਾਣੀਕਾਰ ਜਸਬੀਰ ਮਾਨ, ਪ੍ਰਵਾਸੀ ਸਾਹਿੱਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤਜਿੰਦਰ ਕੌਰ ਅਤੇ ਰਜਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਮਨਾਇਆ ਵਿਸ਼ਵ ਮੱਛੀ ਪਾਲਣ ਦਿਵਸ <br/> ਅਗਲੀ ਖ਼ਬਰ ਲੇਖ ਮੁਕਾਬਲੇ 'ਚ ਕਿਰਨਦੀਪ ਕੌਰ ਨਾਫਰੇ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।