ਇਆਲੀ/ਥਰੀਕੇ, 3 ਦਸੰਬਰ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਚੋਰਾਂ ਵਲੋਂ ਬੰਦ ਘਰ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਣ ਤੋਂ ਬਾਅਦ 15 ਤੋਲੇ ਸੋਨਾ, 75,000 ਰੁਪਏ ਨਕਦ ਅਤੇ ਮਹਿੰਗੀਆਂ ਘੜੀਆਂ ਚੋਰੀ ਕਰ ਲਈਆਂ | ਘਰ ਦੇ ਮਾਲਕ ਪੀੜਤ ਸੁਨੀਲ ਸ਼ਰਮਾ, ਜੋ ਸੀ.ਕੇ. ਬਿਰਲਾ ਗਰੁੱਪ ਵਿਚ ਮੈਨੇਜਰ ਵਜੋਂ ਕੰਮ ਕਰਦਾ ਹੈ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਦੋ ਦਿਨਾਂ ਲਈ ਹਿਮਾਚਲ ਗਿਆ ਹੋਇਆ ਸੀ | ਜਦੋਂ ਦੋ ਦਿਨਾਂ ਬਾਅਦ ਉਹ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਘਰ ਵਾਪਸ ਆਇਆ ਤਾਂ ਘਰ ਦੇ ਬਾਹਰ ਦੀ ਖਿੜਕੀ ਟੁੱਟੀ ਹੋਈ ਸੀ ਅਤੇ ਅੰਦਰ, ਸਮਾਨ ਖਿੱਲਰਿਆ ਹੋਇਆ ਸੀ | ਅਲਮਾਰੀ ਵਿਚੋਂ ਲਗਭਗ 15 ਤੋਲੇ ਸੋਨਾ, 75,000 ਰੁਪਏ ਨਕਦ ਅਤੇ ਕਈ ਮਹਿੰਗੀਆਂ ਘੜੀਆਂ ਗ਼ਾਇਬ ਸਨ, ਜਿਸ ਦੀ ਇਤਲਾਹ ਉਸ ਵਲੋਂ ਸਰਾਭਾ ਨਗਰ ਪੁਲਿਸ ਨੂੰ ਦਿੱਤੀ ਗਈ, ਜਿਸ ਵਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤ ਸੁਨੀਲ ਸ਼ਰਮਾ ਨੂੰ ਭਰੋਸਾ ਦਿੰਦੇ ਕਿਹਾ ਹੈ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ |