ਐੱਸ. ਏ. ਐੱਸ. ਨਗਰ, 15 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਤੇ ਸਵਪਨ ਫਾਊਾਡੇਸ਼ਨ ਪਟਿਆਲਾ ਵਲੋਂ ਉਘੇ ਬਜ਼ੁਰਗ ਲੇਖਕ ਰਿਪੁਦਮਨ ਸਿੰਘ ਰੂਪ ਦੀ 'ਪੰਛੀ ਝਾਤ' ਪੁਸਤਕ ਦਾ ਉਨ੍ਹਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੇ ਗ੍ਰਹਿ ਮੁਹਾਲੀ ਵਿਖੇ ਲੋਕ-ਅਰਪਣ ਕੀਤਾ | ਸਮਾਗਮ 'ਚ ਹਫ਼ਤਾਵਾਰੀ ਆਨਲਾਈਨ ਪਰਚੇ 'ਸੈਵਨਥ ਰਿਵਰ' ਦੇ ਸੰਪਾਦਕ ਕੈਲਗਰੀ ਵਾਸੀ ਹਰਕੰਵਲ ਸਾਹਿਲ ਅਤੇ ਰੰਗਮੰਚ ਤੇ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਕੁੱਕੂ ਦੀਵਾਨ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | 'ਪੰਛੀ ਝਾਤ' ਬਾਰੇ ਗੱਲ ਕਰਦਿਆਂ ਪ. ਲ. ਸ. ਚੰਡੀਗੜ੍ਹ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਸ੍ਰੀ ਰੂਪ ਦੀਆਂ ਯਾਤਰਾਵਾਂ 'ਚ ਮਹਿਜ਼ ਥਾਵਾਂ ਦਾ ਸਪਾਟ ਜਾਂ ਭੂਗੋਲਿਕ ਵਰਣਨ ਨਹੀਂ ਸਗੋਂ ਉਨ੍ਹਾਂ ਇਲਾਕਿਆਂ ਦੇ ਸਮਾਜਿਕ, ਰਾਜਸੀ ਤੇ ਆਰਥਿਕ ਸਰੋਕਾਰਾਂ ਬਾਰੇ ਵੀ ਸਪੱਸ਼ਟ ਨਿਸ਼ਾਨਦੇਹੀ ਹੈ | ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕਿਹਾ ਕਿ ਲੇਖਕ ਦੇ ਪਹਿਲਾਂ ਕਹਾਣੀ ਤੇ ਕਵਿਤਾ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ | ਹਰਕੰਵਲ ਸਾਹਿਲ ਨੇ ਕਿਹਾ ਕਿ 'ਯਾਤਰਾਵਾਂ' 'ਚ ਸ੍ਰੀ ਰੂਪ ਸਮੇਂ ਨੂੰ ਸ਼ਬਦਾਂ 'ਚ ਬੰਨ੍ਹ ਕੇ ਰੱਖ ਦਿੰਦੇ ਹੋ | ਉਨ੍ਹਾਂ ਅਗਾਂਹ ਕਿਹਾ ਕਿ ਕਿਤਾਬ ਦੀ ਭਾਸ਼ਾ ਸਰਲ ਤੇ ਪਾਠਕ ਨੂੰ ਨਾਲ ਤੋਰਨ ਵਾਲੀ ਹੈ | ਉਪਰੰਤ ਸ੍ਰੀ ਰੂਪ ਦੇ ਵੱਡੇ ਸਪੁੱਤਰ ਸੰਜੀਵਨ ਸਿੰਘ ਹੋਰਾਂ ਨੇ ਸਾਰੇ ਆਏ ਦੋਸਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ 'ਯਾਤਰਾ ਸੰਸਮਰਣ' 'ਚ ਉਨ੍ਹਾਂ ਦੇ ਛੋਟੇ ਭਰਾ ਰੰਜੀਵਨ ਦਾ ਮਹੱਤਵਪੂਰਨ ਯੋਗਦਾਨ ਹੈ | ਸਮਾਗਮ ਦਾ ਸੰਚਾਲਨ ਲੇਖਕ ਤੇ ਵਕੀਲ ਰੰਜੀਵਨ ਸਿੰਘ ਵਲੋਂ ਬਾਖ਼ੂਬੀ ਕੀਤਾ | ਸਮਾਰੋਹ 'ਚ ਪਾਠਕਾਂ ਤੋਂ ਇਲਾਵਾ ਪਰਿਵਾਰਿਕ ਮੈਂਬਰ ਮੌਜੂਦ ਸਨ |