ਲਾਲੜੂ, 17 ਜੂਨ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਸਰਸੀਣੀ ਚੌਕ 'ਤੇ ਦੋ ਕਾਰਾਂ ਵਿਚਕਾਰ ਹੋਈ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਇਕ ਕਾਰ 'ਚ ਸਵਾਰ ਪਿਤਾ-ਪੁੱਤਰ ਦੀ ਮੌਤ ਹੋ ਗਈ, ਜਦਕਿ ਦੂਜਾ ਪੁੱਤਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜ਼ਖ਼ਮੀ ਨੂੰ ਇਲਾਜ ਲਈ ਜੀ. ਐਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਹਾਦਸੇ ਤੋਂ ਬਾਅਦ ਗੰਭੀਰ ਜ਼ਖ਼ਮੀ ਪਿਤਾ-ਪੁੱਤਰ ਨੂੰ ਵੀ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਸੀ, ਪਰ ਉਨ੍ਹਾਂ ਦੀ ਰਸਤੇ 'ਚ ਹੀ ਮੌਤ ਹੋ ਗਈ | ਲਾਲੜੂ ਪੁਲਿਸ ਨੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਹਾਸਲ ਜਾਣਕਾਰੀ ਅਨੁਸਾਰ ਇਹ ਹਾਦਸਾ ਸਰਸੀਣੀ ਕੱਟ 'ਤੇ ਉਦੋਂ ਵਾਪਰਿਆ, ਜਦੋਂ ਇਕ ਪਰਿਵਾਰ ਦੇ ਤਿੰਨ ਮੈਂਬਰ ਹਰਿਆਣਾ ਨੰਬਰ ਵਾਲੀ ਵੈਗਨਾਰ ਕਾਰ 'ਚ ਸਵਾਰ ਹੋ ਕੇ ਚੰਡੀਗੜ੍ਹ ਵੱਲ ਜਾ ਰਹੇ ਸਨ, ਜਦਕਿ ਦੋ ਵਿਅਕਤੀ ਟਿਆਗੋ ਕਾਰ 'ਚ ਸਵਾਰ ਹੋ ਕੇ ਅੰਬਾਲਾ ਵੱਲ ਜਾ ਰਹੇ ਸਨ | ਇਸੇ ਦੌਰਾਨ ਸਰਸੀਣੀ ਕੱਟ 'ਤੇ ਅਚਾਨਕ ਟਿਆਗੋ ਕਾਰ ਹਾਈਵੇਅ ਦੇ ਦੂਜੇ ਪਾਸੇ ਆ ਗਈ, ਜਿਸ ਕਾਰਨ ਵੈਗਨਾਰ ਕਾਰ ਅਤੇ ਟਿਆਗੋ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ | ਵੈਗਨਾਰ ਕਾਰ 'ਚ ਅੱਗੇ ਬੈਠੇ ਸੰਦੀਪ ਅਤੇ ਉਸ ਦੇ ਪਿਤਾ ਨੂੰ ਰਾਹਗੀਰਾਂ ਦੀ ਮਦਦ ਨਾਲ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬਾਹਰ ਕੱਢਿਆ ਗਿਆ, ਜਦਕਿ ਸੰਦੀਪ ਦਾ ਛੋਟਾ ਭਰਾ ਮਨਦੀਪ ਵੀ ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਟਿਆਗੋ ਕਾਰ 'ਚ ਸਵਾਰ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਹਾਦਸੇ ਤੋਂ ਬਾਅਦ ਸੜਕ 'ਤੇ ਇਕ ਪਾਸੇ ਜਾਮ ਲੱਗ ਗਿਆ | ਜਾਂਚ ਅਧਿਕਾਰੀ ਏ. ਐਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਟਿਆਗੋ ਕਾਰ ਚਾਲਕ ਦੇ ਅਨੁਸਾਰ ਉਸ ਦੇ ਅੱਗੇ ਜਾ ਰਹੀ ਇਕ ਜੀਪ ਦੇ ਚਾਲਕ ਨੇ ਸਰਸੀਣੀ ਕੱਟ 'ਤੇ ਅਚਾਨਕ ਸੱਜੇ ਪਾਸੇ ਜੀਪ ਮੋੜ ਲਈ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਕੱਟ 'ਤੇ ਹਾਈਵੇਅ ਦੇ ਦੂਜੇ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਜਾ ਟਕਰਾਈ | ਹਾਦਸੇ ਸਮੇਂ 39 ਸਾਲਾ ਸੰਦੀਪ ਕੁਮਾਰ ਵਾਸੀ ਪਿੰਡ ਮਲਕਪੁਰ ਜ਼ਿਲ੍ਹਾ ਹਿਸਾਰ (ਹਰਿਆਣਾ) ਵੈਗਨਾਰ ਕਾਰ ਚਲਾ ਰਿਹਾ ਸੀ, ਜਦਕਿ ਉਸ ਦਾ ਪਿਤਾ ਰਾਜਾ ਰਾਮ ਪੁੱਤਰ ਤਾਰਾ ਚੰਦ ਉਸ ਨਾਲ ਅਗਲੀ ਸੀਟ 'ਤੇ ਬੈਠਾ ਸੀ | ਦੋਵਾਂ ਪਿਓ-ਪੁੱਤਰਾਂ ਨੂੰ ਰਾਹਗੀਰਾਂ ਵਲੋਂ ਭਾਰੀ ਮੁਸ਼ਕੱਤ ਤੋਂ ਬਾਅਦ ਜ਼ਖ਼ਮੀ ਹਾਲਤ 'ਚ ਬਾਹਰ ਕੱਢਿਆ ਗਿਆ | ਇਸ ਤੋਂ ਬਾਅਦ ਤਿੰਨਾਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਸੰਦੀਪ ਅਤੇ ਉਸ ਦੇ ਪਿਤਾ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ, ਜਦਕਿ ਮਨਦੀਪ ਨੂੰ ਜੀ. ਐਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ | ਤਫ਼ਤੀਸ਼ੀ ਅਫ਼ਸਰ ਜਗਤਾਰ ਸਿੰਘ ਅਨੁਸਾਰ ਮਨਦੀਪ ਫ਼ਿਲਹਾਲ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹੈ | ਮਿ੍ਤਕ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਗਿਆ ਹੈ, ਪਰ ਉਹ ਅਜੇ ਤੱਕ ਪੁਲਿਸ ਥਾਣੇ ਨਹੀਂ ਪਹੁੰਚੇ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |