ਐੱਸ. ਏ. ਐੱਸ. ਨਗਰ, 20 ਜੂਨ (ਕਪਿਲ ਵਧਵਾ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਜਾਰੀ ਰੱਖਦਿਆਂ ਮੁਹਾਲੀ ਪੁਲਿਸ ਵਲੋਂ ਸਥਾਨਕ ਅੰਬ ਸਾਹਿਬ ਕਾਲੋਨੀ ਵਿਖੇ 'ਕਾਸੋ ਆਪ੍ਰੇਸ਼ਨ' ਕੀਤਾ ਗਿਆ, ਜਿਸ ਦੀ ਅਗਵਾਈ ਐਸ. ਐਸ. ਪੀ. ਮੁਹਾਲੀ ਹਰਮਨਦੀਪ ਸਿੰਘ ਹੰਸ ਵਲੋਂ ਕੀਤੀ ਗਈ | ਇਸ ਮੌਕੇ ਡੀ. ਐਸ. ਪੀ. ਸ਼ਹਿਰੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਕਾਰਡਨ ਤੇ ਸਰਚ ਆਪ੍ਰੇਸ਼ਨ ਦੌਰਾਨ ਅੰਬ ਸਾਹਿਬ ਕਾਲੋਨੀ ਵਿਖੇ ਸੰਭਾਵੀ ਡਰੱਗ ਹਾਟ-ਸਪੋਟ ਇਲਾਕਿਆਂ ਦੀ ਤਲਾਸ਼ੀ ਲਈ ਗਈ ਤੇ ਇਸ ਦੌਰਾਨ ਕਰੀਬ 50 ਸ਼ੱਕੀ ਵਿਅਕਤੀਆਂ ਨੂੰ ਰਾਊਾਡਅੱਪ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ | ਇਸ ਤੋਂ ਇਲਾਵਾ ਜ਼ਮਾਨਤ 'ਤੇ ਬਾਹਰ ਆਏ ਕਰੀਬ 12 ਵਿਅਕਤੀਆਂ ਦੀ ਮੌਜੂਦਾ ਕਾਰਗੁਜ਼ਾਰੀ ਬਾਰੇ ਵੀ ਪੜਤਾਲ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਪਹਿਲਾਂ ਜ਼ਬਤ ਕੀਤੀ ਗਈ ਬਾਗੀਰਥ ਦੀ ਨਸ਼ਿਆਂ ਨਾਲ ਕਮਾਈ ਗਈ ਜਾਇਦਾਦ ਦਾ ਵੀ ਜਾਇਜ਼ਾ ਲਿਆ ਗਿਆ | ਇਸ ਮੁਹਿੰਮ 'ਚ ਲਗਪਗ ਪੰਜ ਦਰਜਨ ਦੇ ਕਰੀਬ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਭਾਗ ਲਿਆ | ਇਸ ਮੌਕੇ ਸਥਾਨਕ ਥਾਣਾ ਫੇਜ਼-8 ਤੇ ਫੇਜ਼-11 ਸਮੇਤ ਥਾਣਾ ਆਈ. ਟੀ. ਸਿਟੀ ਦੇ ਇੰਸਪੈਕਟਰਾਂ ਵਲੋਂ ਆਪੋ ਆਪਣੀ ਭੂਮਿਕਾ ਨਿਭਾਈ ਗਈ | ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੌਰਾਨ ਅੰਬ ਸਾਹਿਬ ਕਾਲੋਨੀ ਵਿਖੇ ਨਸ਼ੇ ਦੀ ਬਰਾਮਦਗੀ ਬਾਰੇ ਪੁਲਿਸ ਅਧਿਕਾਰੀਆਂ ਵਲੋਂ ਕੋਈ ਵੀ ਅਧਿਕਾਰਤ ਤੌਰ 'ਤੇ ਬਿਆਨ ਨਹੀਂ ਦਿੱਤਾ ਗਿਆ ਹੈ, ਜਿਸ ਦੇ ਚਲਦਿਆਂ ਸੰਭਾਵੀ ਤੌਰ 'ਤੇ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਨਸ਼ੇ ਦੀ ਆਮਦ ਇਸ ਇਲਾਕੇ 'ਚ ਦਿਨ-ਬਾ-ਦਿਨ ਘਟਦੀ ਜਾ ਰਹੀ ਹੈ |