ਜ਼ੀਰਕਪੁਰ, 20 ਜੂਨ (ਹੈਪੀ ਪੰਡਵਾਲਾ)-ਆਉਣ ਵਾਲੇ ਮੌਨਸੂਨ ਸੀਜ਼ਨ ਦੌਰਾਨ ਹੜ੍ਹਾਂ ਨੂੰ ਰੋਕਣ ਲਈ ਸਮੇਂ ਸਿਰ ਕਦਮ ਚੁੱਕਦਿਆਂ ਪ੍ਰਸ਼ਾਸਨ ਨੇ ਜ਼ੀਰਕਪੁਰ ਖੇਤਰ 'ਚ ਸੁਖਨਾ ਚੋਅ ਦੀ ਸਫ਼ਾਈ ਅਤੇ ਰੀ-ਸੈਕਸ਼ਨਿੰਗ ਲਈ ਕਰੀਬ 2.36 ਕਰੋੜ ਰੁ. ਮਨਜ਼ੂਰ ਕੀਤੇ ਹਨ | ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦਾ ਟੀਚਾ ਹੈ | ਸਫ਼ਾਈ ਪ੍ਰਾਜੈਕਟ ਨੂੰ ਨਗਰ ਕੌਂਸਲ ਜ਼ੀਰਕਪੁਰ, ਲੋਕ ਨਿਰਮਾਣ ਵਿਭਾਗ, ਡਰੇਨੇਜ਼ ਵਿਭਾਗ ਅਤੇ ਇੰਜਨੀਅਰਿੰਗ ਵਿੰਗ ਵਲੋਂ ਸਾਂਝੇ ਤੌਰ 'ਤੇ ਸਿਰੇ ਲਗਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਚੋਅ ਰਾਹੀਂ ਸੁਖਨਾ ਝੀਲ ਚੰਡੀਗੜ੍ਹ ਤੋਂ ਵਾਧੂ ਮੀਂਹ ਦਾ ਪਾਣੀ ਭਾਂਖਰਪੁਰ ਘੱਗਰ ਨਦੀ 'ਚ ਮਿਲਦਾ ਹੈ | ਚੋਅ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦੇ ਵਹਾਅ 'ਚ ਰੁਕਾਵਟ ਆਉਂਦੀ ਹੈ, ਜਿਸ ਨਾਲ ਬਲਟਾਣਾ ਤੇ ਆਲੇ-ਦੁਆਲੇ ਦੇ ਖੇਤਰਾਂ 'ਚ ਹੜ੍ਹਾਂ ਦਾ ਖ਼ਤਰਾ ਵਧ ਜਾਂਦਾ ਹੈ | ਇਸ ਬਾਰੇ ਡੀ. ਸੀ. ਕੋਮਲ ਮਿੱਤਲ ਨੇ ਦੱਸਿਆ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਪ੍ਰਾਜੈਕਟ ਤੁਰੰਤ ਸ਼ੁਰੂ ਕਰਨ ਤੇ ਰੋਜ਼ਾਨਾ ਨਿਗਰਾਨੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਨਦੀ ਦੇ ਤਲ 'ਤੇ ਲਗਪਗ 6-7 ਫੁੱਟ ਮਿੱਟੀ ਜਮ੍ਹਾਂ ਹੈ, ਜਿਸ ਨਾਲ ਨੇੜਲੇ ਰਿਹਾਇਸ਼ੀ ਖੇਤਰਾਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ | ਗੌਰਤਲਬ ਹੈ ਕਿ ਅਗਸਤ 2020 'ਚ ਸੁਖਨਾ ਝੀਲ ਤੋਂ ਅਚਾਨਕ ਪਾਣੀ ਛੱਡੇ ਜਾਣ ਨਾਲ ਬਲਟਾਣਾ ਦੀ ਪੁਲਿਸ ਚੌਕੀ 'ਚ 8 ਫੁੱਟ ਪਾਣੀ ਭਰ ਗਿਆ ਸੀ ਅਤੇ ਮੈਰਿਜ ਪੈਲੇਸਾਂ ਤੇ ਮਿਊਾਸੀਪਲ ਪਾਰਕ ਨੂੰ ਨੁਕਸਾਨ ਪੁੱਜਿਆ ਸੀ | ਡੀ. ਸੀ. ਨੇ ਕਾਰਜਕਾਰੀ ਇੰਜੀਨੀਅਰ, ਡਰੇਨੇਜ਼-ਕਮ-ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਰੀ-ਸੈਕਸ਼ਨਿੰਗ ਤੇ ਸਫ਼ਾਈ ਬਿਨਾਂ ਕਿਸੇ ਦੇਰੀ ਤੋਂ ਪੂਰੀ ਕੀਤੀ ਜਾਵੇ | ਇਸ ਬਾਬਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਸੁਖਨਾ ਚੋਅ ਲਈ ਵਿਆਪਕ ਸਫ਼ਾਈ ਤੇ ਹੜ੍ਹ-ਰੋਕਥਾਮ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ ਪਿਛਲੀਆਂ ਆਫ਼ਤਾਂ ਦੇ ਦੁਹਰਾਓ ਨੂੰ ਰੋਕਣ ਲਈ ਪ੍ਰਸ਼ਾਸਨ ਦੀ ਪਹਿਲਕਦਮੀ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਚੋਅ ਦੇ ਵੱਖ-ਵੱਖ ਪੜਾਅ ਬਲਟਾਣਾ, ਗਾਜ਼ੀਪੁਰ, ਨਗਲਾ ਅਤੇ ਭਬਾਤ ਦਾ ਨਾਲਾ, ਢਕੌਲੀ ਤੇ ਬਿਸ਼ਨਪੁਰਾ ਵਿਖੇ ਕੁਦਰਤੀ ਨਾਲਿਆਂ ਦੀ ਸਫ਼ਾਈ ਲਈ ਕਰੀਬ 2.36 ਕਰੋੜ ਰੁ. ਖ਼ਰਚੇ ਜਾਣਗੇ |