ਚੰਡੀਗੜ੍ਹ, 20 ਜੂਨ (ਪ੍ਰੋ. ਅਵਤਾਰ ਸਿੰਘ)-ਬੀਤੇ ਦਿਨੀਂ ਭੂਟਾਨ 'ਚ ਹੋਈ ਸਾਊਥ ਏਸ਼ੀਅਨ ਬਾਡੀ ਬਿਲਡਿੰਗ ਤੇ ਫਿਜ਼ੀਕ ਸਪੋਰਟਸ ਚੈਂਪੀਅਨਸ਼ਿਪ 'ਚ ਕਾਂਸੇ ਦਾ ਤਗ਼ਮਾ ਪ੍ਰਾਪਤ ਕਰਨ ਵਾਲੇ ਖਿਡਾਰੀ ਰਿਮਨ ਨੂੰ ਕਾਲਜ ਦੇ ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਸਨਮਾਨਿਤ ਕੀਤਾ | ਰਿਮਨ ਆਪਣੇ ਪਿਤਾ ਤੇ ਭੈਣ ਨਾਲ ਵਿਸ਼ੇਸ਼ ਤੌਰ 'ਤੇ ਕਾਲਜ ਆਏ ਸਨ | ਇਸ ਮੌਕੇ ਗੱਲ ਕਰਦਿਆਂ ਪਿ੍ੰਸੀਪਲ ਨੇ ਕਿਹਾ ਕਿ ਸੰਸਾਰ ਪੱਧਰ 'ਤੇ ਨਾਮਣਾ ਖੱਟਣ ਵਾਲੇ ਅਜਿਹੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਨਾਲ ਉਨ੍ਹਾਂ ਦੇ ਮਨੋਬਲ 'ਚ ਹੋਰ ਵਾਧਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਖੇਡ ਦੇ ਅਜਿਹੇ ਉੱਚੇ ਸਥਾਨ 'ਤੇ ਸਖ਼ਤ ਮਿਹਨਤ ਤੇ ਸਿਰੜ ਨਾਲ ਹੀ ਪਹੁੰਚਿਆ ਜਾ ਸਕਦਾ ਹੈ | ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਰਿਮਨ ਦੀ ਸਖਤ ਮਿਹਨਤ ਤੇ ਜਜ਼ਬੇ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ | ਰਿਮਨ ਖੇਡਾਂ ਹੀ ਨਹੀਂ ਸਗੋਂ ਵਿੱਦਿਅਕ ਪੱਧਰ 'ਤੇ ਵੀ ਮਿਹਨਤੀ ਰਿਹਾ ਹੈ | ਉਸ ਨੇ ਪੀ. ਈ. ਸੀ. ਚੰਡੀਗੜ੍ਹ ਤੋਂ ਬੀਟੈੱਕ ਕੀਤੀ ਹੈ | ਉਸ ਨੇ ਕੈਟ ਪ੍ਰੀਖਿਆ 'ਚ 95 ਫੀਸਦੀ ਅੰਕ ਪ੍ਰਾਪਤ ਕਰਕੇ ਆਈ. ਆਈ. ਟੀ. ਦਿੱਲੀ ਤੋਂ ਐਮ. ਬੀ. ਏ. ਪੂਰੀ ਕੀਤੀ ਹੈ | ਇਸ ਵੇਲੇ ਉਹ ਪ੍ਰਸਿੱਧ ਵਰਲਪੂਲ ਕੰਪਨੀ ਦੇ ਯੰਗ ਲੀਡਰਜ਼ ਪ੍ਰੋਗਰਾਮ 'ਚ ਚੁਣਿਆ ਗਿਆ ਹੈ ਤੇ ਗੁੜਗਾਓਾ ਸਥਿਤ ਕਾਰਪੋਰੇਟ ਦਫ਼ਤਰ ਦੇ ਗਲੋਬਲ ਸਟਰੈਟੇਜਿਕ ਸੋਰਸਿੰਗ ਵਿਭਾਗ ਵਿਚ ਨਿਯੁਕਤ ਹੈ | ਪਿ੍ੰਸੀਪਲ ਸਾਹਿਬ ਨੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਸ ਨੂੰ ਸ਼ਾਬਾਸ਼ ਵੀ ਦਿੱਤੀ | ਇਸ ਮੌਕੇ ਪ੍ਰੋ. ਕੁਲਬੀਰ ਸਿੰਘ, ਪ੍ਰੋ. ਜਗਤਾਰ ਸਿੰਘ, ਡਾ. ਜਗਦੀਪ ਸਿੰਘ ਤੇ ਪ੍ਰੋ. ਤਰਨਜੀਤ ਕੌਰ ਵੀ ਹਾਜ਼ਰ ਸਨ |