ਚੰਡੀਗੜ੍ਹ, 15 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਸਕੱਤਰ ਜਨਰਲ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਤਿੱਖ਼ਾ ਹਮਲਾ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਝੂਠੇ ਦਾਅਵਿਆਂ ਅਤੇ ਤਸਵੀਰਾਂ ਰਾਹੀਂ ਸਿਆਸੀ ਝੂਠ ਦਾ ਨਵਾਂ ਨਾਟਕ ਰਚਿਆ ਹੈ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਇਹ ਹਰਕਤ ਉਨ੍ਹਾਂ ਦੀ ਡਿੱਗਦੀ ਹੋਈ ਸਿਆਸੀ ਸਾਖ਼ ਨੂੰ ਬਚਾਉਣ ਦੀ ਇਕ ਹੋਰ ਬੇਸੁਧ ਕੋਸ਼ਿਸ਼ ਹੈ | ਜਥੇਦਾਰ ਵਡਾਲਾ ਨੇ ਦੱਸਿਆ ਕਿ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਅਤੇ ਇੰਦਰਮੋਹਨ ਸਿੰਘ ਲਖਮੀਰਵਾਲਾ ਦੀ ਤਸਵੀਰ ਸਾਂਝੀ ਕਰਕੇ ਇਹ ਝੂਠਾ ਦਾਅਵਾ ਕੀਤਾ ਕਿ ਇਹ ਦੋਵੇਂ ਨਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋ ਗਏ ਹਨ | ਉਨ੍ਹਾਂ ਕਿਹਾ ਕਿ ਅਸਲ ਹਕੀਕਤ ਇਹ ਹੈ ਕਿ ਇਹ ਦੋਵੇਂ ਆਗੂ ਕਦੇ ਵੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਹੀਂ ਰਹੇ, ਨਾ ਹੀ ਉਨ੍ਹਾਂ ਨੇ ਪਾਰਟੀ ਦੀ ਕਿਸੇ ਭਰਤੀ ਮੁਹਿੰਮ 'ਚ ਹਿੱਸਾ ਲਿਆ | ਇਸ ਲਈ ਸੁਖਬੀਰ ਬਾਦਲ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਤੇ ਗੁੰਮਰਾਹਕੁੰਨ ਹਨ | ਜਥੇਦਾਰ ਵਡਾਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੀ ਹੀ ਧੜੇਬੰਦੀ ਦੇ ਬੰਦਿਆਂ ਨੂੰ ਸਿਰਪਾਓ ਪਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਸ ਦੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ | ਇਹ ਕਿੰਨੀ ਹਾਸੋਹੀਣੀ ਸਥਿਤੀ ਹੈ ਕਿ ਜੋ ਲੀਡਰ ਆਪਣੀ ਸਿਆਸੀ ਨੈਤਿਕਤਾ ਗੁਆ ਚੁੱਕਿਆ ਹੈ, ਉਹ ਹੁਣ ਆਪਣੇ ਹੀ ਬੰਦਿਆਂ ਨਾਲ ਝੂਠੇ ਦਾਅਵੇ ਕਰਕੇ ਸਿਆਸੀ ਡਰਾਮੇ ਕਰ ਰਿਹਾ ਹੈ |