ਕੁਰਾਲੀ, 16 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਇਥੋਂ ਨੇੜਲੇ ਪਿੰਡ ਝਿੰਗੜਾਂ ਕਲਾਂ ਵਿਖੇ ਚੋਰਾਂ ਨੇ ਕਿਸਾਨਾਂ ਦੀਆਂ 5 ਮੋਟਰਾਂ ਨੂੰ ਨਿਸ਼ਾਨਾ ਬਣਾਉਦਿਆਂ ਬਿਜਲੀ ਦੀਆਂ ਤਾਰਾਂ ਤੇ ਹੋਰ ਸਾਮਾਨ ਚੋਰੀ ਕਰ ਲਿਆ | ਚੋਰੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸੰਬੰਧੀ ਪਿ੍ੰ. ਅਵਤਾਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਚੋਰਾਂ ਨੇ ਲੰਘੀ ਰਾਤ ਉਨ੍ਹਾਂ ਦੀ ਮੋਟਰ ਤੋਂ ਇਲਾਵਾ ਕਿਸਾਨ ਜਸਵਿੰਦਰ ਸਿੰਘ, ਕਰਮ ਸਿੰਘ, ਸੁਖਵੀਰ ਸਿੰਘ ਤੇ ਨਿਰਮਲ ਸਿੰਘ ਦੀਆਂ ਮੋਟਰਾਂ ਨੂੰ ਪਾੜ ਲਗਾ ਕੇ ਅੰਦਰੋਂ ਤਾਰਾਂ, ਗਰਿੱਪ ਅਤੇ ਬਿਜਲੀ ਦਾ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਅਵਤਾਰ ਸਿੰਘ ਨੇ ਦੱਸਿਆ ਕਿ ਚੋਰਾਂ ਉਨ੍ਹਾਂ ਦੀ ਮੋਟਰ ਦਾ ਜ਼ਿੰਦਰਾ ਨਹੀਂ ਖੋਲ੍ਹ ਸਕੇ, ਲਿਹਾਜ਼ਾ ਉਨ੍ਹਾਂ ਕਟਰ ਦੀ ਮਦਦ ਨਾਲ ਲੋਹੇ ਦਾ ਦਰਵਾਜ਼ਾ ਹੀ ਕੱਟ ਲਿਆ ਤੇ ਦਰਵਾਜੇ ਨੂੰ ਪਾੜ ਲਗਾ ਕੇ ਮੋਟਰ 'ਚ ਪਿਆ ਕੀਮਤੀ ਸਾਮਾਨ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਇਸ ਕਾਰਨ ਉਨ੍ਹਾਂ ਸਮੇਤ ਹੋਰਨਾਂ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਪਿ੍ੰ. ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਮੋਟਰਾਂ 'ਤੇ ਪਿਛਲੇ ਕੁਝ ਸਮੇਂ ਦੌਰਾਨ ਇਹ ਲਗਾਤਾਰ ਛੇਵੀਂ ਵਾਰ ਚੋਰੀ ਹੋਈ ਹੈ | ਉਨ੍ਹਾਂ ਪੁਲਿਸ ਮੁਖੀ ਨੂੰ ਦਿੱਤੇ ਪੱਤਰ ਰਾਹੀਂ ਚੋਰਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ | ਇਸ ਚੋਰੀ ਸੰਬੰਧੀ ਸ਼ਿਕਾਇਤ ਮਿਲਣ 'ਤੇ ਸਥਾਨਕ ਸਦਰ ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਨੇ ਪੀੜਤ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ |