ਜ਼ੀਰਕਪੁਰ, 4 ਨਵੰਬਰ (ਮਨਿੰਦਰ ਸਿੰਘ)-ਸਿਹਤ ਵਿਭਾਗ ਵਲੋਂ 'ਤੰਬਾਕੂ ਮੁਕਤ ਭਾਰਤ' ਮੁਹਿੰਮ ਦੇ ਤਹਿਤ ਮੰਗਲਵਾਰ ਨੂੰ ਸੀ. ਐਚ. ਸੀ. (ਕਮਿਊਨਿਟੀ ਹੈਲਥ ਸੈਂਟਰ) ਢਕੌਲੀ ਵਿਖੇ ਤੰਬਾਕੂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ | ਇਸ ਕੈਂਪ ਦੌਰਾਨ ਡਾ. ਅਰਮਿਲ ਗਰਗ ਨੇ ਹਾਜ਼ਰੀਨਾਂ ਨੂੰ ਤੰਬਾਕੂ ਤੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਇਨ੍ਹਾਂ ਦੇ ਨੁਕਸਾਨਾਂ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਤੰਬਾਕੂ ਦਾ ਸੇਵਨ ਨਾ ਸਿਰਫ਼ ਫੇਫੜਿਆਂ ਤੇ ਦਿਲ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਵੀ ਕਾਰਨ ਬਣਦਾ ਹੈ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਤੰਬਾਕੂ ਛੱਡਣ 'ਚ ਮਦਦ ਕਰਨ ਲਈ ਕਾਊਾਸਲਿੰਗ ਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਦਾ ਹੈ | ਇਸ ਮੌਕੇ ਡਾ. ਪਵਨਦੀਪ ਕੌਰ (ਡੈਂਟਲ ਸਰਜਨ) ਨੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਦੰਦਾਂ ਦੇ ਪੀਲੇ-ਪਣ, ਮੂੰਹ ਦੇ ਫੋੜੇ ਤੇ ਸਾਹ ਦੀ ਬਦਬੂ ਦਾ ਕਾਰਨ ਬਣਦੀ ਹੈ ਤੇ ਲੰਬੇ ਸਮੇਂ ਤੱਕ ਤੰਬਾਕੂ ਦੀ ਵਰਤੋਂ ਮੂੰਹ ਦੇ ਕੈਂਸਰ ਦਾ ਕਾਰਨ ਵੀ ਬਣਦੀ ਹੈ | ਇਸ ਮੌਕੇ ਡਾ. ਬਲਪ੍ਰੀਤ ਸਿੰਘ ਸਮੇਤ ਹਸਪਤਾਲ ਦੇ ਸਟਾਫ਼ ਮੈਂਬਰ ਅਨੀਤਾ (ਐਮ. ਪੀ. ਐਚ. ਡਬਲਿਊ), ਹਰਦੀਪ ਕੌਰ (ਸਟਾਫ਼ ਨਰਸ), ਕਮਲਜੀਤ ਕੌਰ ਤੇ ਨਜ਼ੀਰ ਨਾਰੂ (ਨਰਸਿੰਗ ਸਿਸਟਰ) ਤੇ ਹਰਵਿੰਦਰ ਸਿੰਘ (ਸਿਹਤ ਸਹਾਇਕ) ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇਕ ਵਿਅਕਤੀ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦਾ ਹੈ, ਲਿਹਾਜ਼ਾ ਸਾਰਿਆਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ |