ਨਗਰ ਨਿਗਮ ਚੰਡੀਗੜ੍ਹ ਵਲੋਂ ਘਰ-ਘਰ ਕੂੜਾ ਇਕੱਠਾ ਕਰਨ ਸੰਬੰਧੀ ਨਵੇਂ ਐੱਮ. ਓ. ਯੂ. 'ਤੇ ਹਸਤਾਖ਼ਰ <br/>
ਅਜੀਤ ਡੈਸਕ
04-12-2025
ਸ਼ਹਿਰ ਦੀ ਸਫ਼ਾਈ ਮਿੱਤਰਾਂ ਦੀ ਮਿਹਨਤ ਦਾ ਨਤੀਜਾ- ਮੇਅਰ
ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਸੁੰਦਰ ਇਸ ਲਈ ਹੈ ਕਿਉਂਕਿ ਸਫ਼ਾਈ ਮਿੱਤਰ ਹਰ ਰੋਜ਼ ਆਪਣਾ ਫ਼ਰਜ਼ ਨਿਭਾਉਂਦੇ ਹਨ | ਉਨ੍ਹਾਂ ਦੱਸਿਆ ਕਿ 'ਸਵੱਛ ਭਾਰਤ ਮਿਸ਼ਨ' ਤੋਂ ਬਾਅਦ ਵੱਖਰੇ ਕੂੜੇ ਦੀ ਇਕੱਤਰਤਾ ਨੇ ਚੰਡੀਗੜ੍ਹ ਨੂੰ ਜ਼ੀਰੋ-ਲੈਂਡਫ਼ਿਲ ਮਾਡਲ ਵੱਲ ਲੈ ਕੇ ਜਾਣ ਵਿਚ ਅਹਿਮ ਭੂਮਿਕਾ ਨਿਭਾਈ ਹੈ | ਮੇਅਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਾਲ ਹੀ 'ਚ ਨਗਰ ਨਿਗਮ ਨੇ ਸਾਰੇ ਸਫ਼ਾਈ ਮਿੱਤਰਾਂ ਨੂੰ ਗੁੜ, ਤੇਲ, ਸਾਬਣ ਅਤੇ ਬਕਾਇਆ ਭੁਗਤਾਨ ਜਾਰੀ ਕੀਤੇ ਹਨ |
ਸਮਝੌਤੇ ਨਾਲ ਸਿਸਟਮ ਬਣੇਗਾ ਪਾਰਦਰਸ਼ੀ ਤੇ ਟਿਕਾਊ- ਕਮਿਸ਼ਨਰ ਅਮਿਤ ਕੁਮਾਰ
ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਨਵੇਂ 'ਐੱਮ.ਓ.ਯੂ' ਨੂੰ ਸਹਿਯੋਗੀ ਯਤਨਾਂ ਦਾ ਨਤੀਜਾ ਦੱਸਦਿਆਂ ਕਿਹਾ ਕਿ ਇਸ ਨਾਲ ਸੇਵਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਪਾਕੀ ਅਤੇ ਪਾਰਦਰਸ਼ੀ ਹੋਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ 'ਚ ਰੱਖਣ ਲਈ ਸੈਨੀਟੇਸ਼ਨ ਢਾਂਚੇ, ਸਮਰੱਥਾ ਨਿਰਮਾਣ ਅਤੇ ਨਿਗਰਾਨੀ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਨਵਾਂ ਸਮਝੌਤਾ ਸਫ਼ਾਈ ਸਾਥੀਆਂ ਲਈ ਰਸਮੀ ਮਾਨਤਾ, ਸੁਰੱਖਿਆ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਂਦਾ ਹੈ | ਉਨ੍ਹਾਂ ਸਾਰੇ ਵਿਭਾਗਾਂ ਦੇ ਸਹਿਯੋਗੀ ਯਤਨਾਂ ਦੀ ਸਰਾਹਨਾ ਕੀਤੀ | ਕਮੇਟੀ ਚੇਅਰਮੈਨ ਮਨੋਜ ਸੋਨਕਰ ਨੇ ਕਿਹਾ ਕਿ ਕਮੇਟੀ ਨੇ ਕਈ ਮੀਟਿੰਗਾਂ ਰਾਹੀਂ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਹੱਲ ਕੀਤੇ ਹਨ | ਉਨ੍ਹਾਂ ਕਿਹਾ ਸਫ਼ਾਈ ਮਿੱਤਰਾ ਦੀ ਵਚਨਬੱਧਤਾ ਕਾਰਨ ਹੀ ਚੰਡੀਗੜ੍ਹ ਦੀ ਸਫ਼ਾਈ ਬੈਂਕਿੰਗ ਵਧਦੀ ਰਹੀ ਹੈ | ਇਲਾਕਾ ਕੌਂਸਲਰ ਯੋਗੇਸ਼ ਢੀਂਗਰਾ ਨੇ ਮੇਅਰ, ਅਧਿਕਾਰੀਆਂ ਅਤੇ ਸਫ਼ਾਈ ਮਿੱਤਰਾਂ ਦਾ ਸਾਂਝੇ ਯਤਨਾਂ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਮਝੌਤਾ ਸਮੂਹਿਕ ਸਹਿਯੋਗ ਦਾ ਨਤੀਜਾ ਹੈ |