ਰੂਪਨਗਰ, 18 ਜੂਨ (ਯਸ਼ਵੰਤ ਬੱਸੀ)-ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਦਿੱਲੀ ਵਿਖੇ ਕਰਵਾਈ ਗਈ 12ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਨੇ ਲੜਕੀਆਂ ਅਤੇ ਲੜਕੇ ਦੋਵੇਂ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪੰਜਾਬ ਦੀ ਟੀਮ 'ਚ ਰੂਪਨਗਰ ਦੇ 10 ਖਿਡਾਰੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਰਾਜ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ | ਅੰਡਰ-14 ਮੁਕਾਬਲਿਆਂ ਵਿਚ ਬਲਜੋਤ ਸਿੰਘ ਨੇ ਸੋਨੇ ਦਾ ਤਗ਼ਮਾ, ਸਮਨਪ੍ਰੀਤ ਕੌਰ ਨੇ ਚਾਂਦੀ ਅਤੇ ਦਮਨਪ੍ਰੀਤ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ | ਅੰਡਰ-19 ਮੁਕਾਬਲਿਆਂ ਦੇ ਲੜਕੀਆਂ ਵਰਗ ਵਿਚ ਇਸ਼ਪ੍ਰੀਤ ਕੌਰ, ਜੈਸਮੀਨ ਕੌਰ, ਪਵਨੀਤ ਕੌਰ ਅਤੇ ਗੁਰਨੀਤ ਕੌਰ ਨੇ ਸੋਨੇ ਦਾ ਤਗ਼ਮਾ ਜਦਕਿ ਪੁਰਸ਼ ਵਰਗ ਵਿਚ ਗੁਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਵੀ ਸੋਨੇ ਦੇ ਤਗ਼ਮੇ ਹਾਸਲ ਕੀਤੇ | ਚੈਂਪੀਅਨਸ਼ਿਪ ਦੇ ਅੰਡਰ -25 ਦੇ ਮੁਕਾਬਲਿਆਂ ਵਿਚ ਰਿਸ਼ਵ ਨੇ ਸੋਨੇ ਦਾ ਤਗ਼ਮਾ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ | ਨੈਸ਼ਨਲ ਮੁਕਾਬਲਿਆਂ ਵਿਚ ਗੁਰਵਿੰਦਰ ਸਿੰਘ ਘਨੌਲੀ ਵਲੋਂ ਰੈਫਰੀ ਦੀ ਸੇਵਾ ਸੁਚੱਜੇ ਢੰਗ ਨਾਲ ਨਿਭਾਈ ਗਈ | ਇਸ ਮੌਕੇ ਗਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਸਾਰੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਰੂਪਨਗਰ ਗਤਕਾ ਖੇਤਰ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਗਤਕੇ ਲਈ ਮੰਚ ਪ੍ਰਦਾਨ ਕਰ ਰਹੀ ਹੈ | ਇਸ ਦੌਰਾਨ ਰਵਿੰਦਰ ਸਿੰਘ, ਜਸਵੀਰ ਸਿੰਘ, ਸੰਦੀਪ ਸਿੰਘ ਭਿਓਰਾ, ਹਰਪ੍ਰੀਤ ਸਿੰਘ ਗੋਬਿੰਦ ਵੈਲੀ, ਜਰਨੈਲ ਸਿੰਘ ਐਮ.ਡੀ.ਆਰ.ਬੀ. ਗਰੁੱਪ ਗੁਰਪ੍ਰੀਤ ਸਿੰਘ ਭਾਓਵਾਲ, ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਰੂਪਨਗਰ ਨੇ ਬੱਚਿਆਂ ਅਤੇ ਗਤਕਾ ਐਸੋਸੀਏਸ਼ਨ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ |