ਪੁਰਖਾਲੀ, 15 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਅਨਾਜ ਮੰਡੀ ਰਾਮਪੁਰ-ਪੁਰਖਾਲੀ ਵਿਖੇ ਫ਼ਸਲ ਨੂੰ ਕੱਟ ਲਗਾ ਕੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਲੈ ਕੇ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਦੀ ਅਗਵਾਈ ਹੇਠ ਅਨਾਜ ਮੰਡੀ ਰਾਮਪੁਰ-ਪੁਰਖਾਲੀ ਦਾ ਦੌਰਾ ਕੀਤਾ ਗਿਆ, ਇਸ ਮੌਕੇ ਸ ਪੰਜੋਲਾ ਆਖਿਆ ਕਿ ਸਾਨੂੰ ਕਿਸਾਨਾਂ ਵਲੋਂ ਜਾਣਕਾਰੀ ਮਿਲੀ ਸੀ ਕਿ ਜੀਰੀ ਦੇ ਬਦਰੰਗ ਦਾਣੇ ਤੇ ਕੁਇੰਟਲ ਪਿੱਛੋਂ 100 ਰੁਪਏ ਅਤੇ ਫ਼ਸਲ 'ਚ ਨਮੀ ਦੇ ਨਾਮ ਤੇ ਕੁਇੰਟਲ ਪਿੱਛੋਂ 24 ਰੁਪਏ ਦਾ ਕੱਟ ਲਗਾ ਕੇ ਸ਼ੈਲਰ ਮਾਲਕ ਵਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਨਾ ਹੋਣ ਕਾਰਨ ਮੰਡੀ 'ਚ ਫ਼ਸਲ ਦੇ ਅੰਬਾਰ ਲੱਗੇ ਹੋਏ ਹਨ | ਅਤੇ ਕਿਸਾਨਾਂ ਨੂੰ ਮੰਡੀ 'ਚ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਸਬੰਧੀ ਚੁੱਪ ਧਾਰ ਕੇ ਬੈਠਾ ਹੈ, ਸ਼ੈਲਰ ਮਾਲਕ ਕਿਸਾਨਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ | ਜਿਸ ਨਾਲ ਪ੍ਰਸ਼ਾਸਨ ਦੀ ਮਿਲੀਭੁਗਤ ਸਾਫ਼ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਮੰਡੀ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ, ਉਨ੍ਹਾਂ ਕਿਹਾ ਕਿ ਯੂਨੀਅਨ ਸ਼ੈਲਰ ਮਾਲਕਾਂ ਨੂੰ ਕਿਸੇ ਵੀ ਹਾਲ 'ਚ ਕੱਟ ਨਹੀਂ ਲਗਾਉਣ ਦੇਵੇਗੀ | ਇਸ ਸਬੰਧੀ ਜਦ ਸ਼ੈਲਰ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਫ਼ਸਲ 'ਤੇ ਕੋਈ ਕੱਟ ਨਹੀਂ ਲਗਾਇਆ ਜਾਂਦਾ ਉਨ੍ਹਾਂ ਕਿਹਾ ਕਿ ਸਾਡਾ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਸਾਡਾ ਲਿੰਕ ਤਾਂ ਕੇਵਲ ਖ਼ਰੀਦ ਏਜੰਸੀ ਨਾਲ ਹੈ | ਇਸ ਮੌਕੇ ਜ਼ਿਲ੍ਹਾ ਪੈੱ੍ਰਸ ਸਕੱਤਰ ਭੁਪਿੰਦਰ ਸਿੰਘ ਡੇਕਵਾਲਾ, ਮੇਹਰ ਸਿੰਘ ਮੀਆਂ ਪੁਰ ਜਰਨੈਲ ਸਿੰਘ ਗੋਗੀ ਬੁਰਜ ਵਾਲਾ, ਜਗਤਾਰ ਸਿੰਘ ਬੁਰਜ ਵਾਲਾ, ਸਰਬਜੀਤ ਸਿੰਘ ਪੰਜੋਲੀ ਆਦਿ ਕਿਸਾਨ ਹਾਜ਼ਰ ਸਨ |