ਜੇਠੂਵਾਲ, 16 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਇੰਸਟੀਚਿਊਟ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਲਈ ਹਰੀਕੇ ਨਹਿਰ ਹੈੱਡ ਵਰਕਸ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਇਸ ਦੌਰਾਨ ਪ੍ਰੋ: ਹਰਲੀਨ ਕੌਰ ਨੇ ਦੌਰੇ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਰੀਕੇ ਹੈੱਡ ਵਰਕਸ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਬਿੰਦੂ ਦੇ ਹੇਠਾਂ ਸਥਿਤ ਹੈ ਤੇ ਇਸ ਨੂੰ 1953 'ਚ ਬਣਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਸਿੰਚਾਈ ਕਾਰਜ ਵਿਭਾਗ 'ਚ ਕੰਮ ਕਰ ਰਹੇ ਇੰਜ: ਹਰਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬੈਰਾਜ ਹੜ੍ਹ ਨਿਯੰਤਰਣ 'ਚ ਕਿਵੇਂ ਮਦਦ ਕਰਦਾ ਹੈ | ਉਨ੍ਹਾਂ ਕਿਹਾ ਹਰੀਕੇ ਜਲ ਭੰਡਾਰ ਦੀ ਅਸਲ ਭੰਡਾਰਨ ਸਮਰੱਥਾ 67900 ਏਕੜ ਫੁੱਟ ਸੀ, ਪਰ ਗਾਰੇ ਅਤੇ ਬਨਸਪਤੀ ਆਦਿ ਕਾਰਨ ਸਮਰੱਥਾ ਹੁਣ ਸਿਰਫ 9300 ਏਕੜ ਫੁੱਟ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਉਕਤ ਦੌਰੇ ਦੌਰਾਨ ਵਿਦਿਆਰਥੀਆਂ ਨੇ ਬੈਰਾਜ, ਡਿਵਾਈਡ ਵਾਲ, ਫਿਸ਼ ਲੈਡਰ, ਅੰਡਰਸਲੂਇਸ ਪਾਕੇਟ, ਸਿਲਟ ਐਕਸਟਰੈਕਟਰ ਆਦਿ ਨੂੰ ਵੇਖਿਆ ਤੇ ਪੇਂਡੂ ਜਲ ਸਪਲਾਈ, ਵਾਤਾਵਰਣ ਇੰਜੀਨੀਅਰਿੰਗ, ਹਾਈਡਰੋਲੋਜੀ ਤੇ ਜਲ ਸਰੋਤ ਇੰਜੀਨੀਅਰਿੰਗ, ਹਾਈਡਰੌਲਿਕ ਢਾਂਚੇ ਦਾ ਡਿਜ਼ਾਈਨ ਆਦਿ ਵਰਗੇ ਬਹੁਤ ਸਾਰੇ ਸੰਕਲਪਾਂ ਨੂੰ ਸਪੱਸ਼ਟ ਕੀਤਾ ਗਿਆ |