ਅੰਮਿ੍ਤਸਰ, 15 ਅਕਤੂਬਰ (ਰੇਸ਼ਮ ਸਿੰਘ)-ਅੰਮਿ੍ਤਸਰ ਦਿਹਾਤੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਛੱਡਣ ਬਦਲੇ ਢਾਈ ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਪੁਲਿਸ ਵਲੋਂ ਚੌਂਕੀ ਇੰਚਾਰਜ਼ ਦਬੁਰਜੀ ਸਮੇਤ 2 ਪੁਲਿਸ ਮੁਲਾਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਖਿਲਾਫ ਨਸ਼ਾ ਤਸਕਰੀ ਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਅਧੀਨ ਥਾਣਾ ਚਾਟੀਵਿੰਡ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ਇਹ ਖੁਲਾਸਾ ਕਰਦਿਆਂ ਐੱਸ.ਪੀ. ਆਦਿਤਿਆ ਵਾਰੀਅਰ ਨੇ ਦਸਿਆ ਕਿ ਗਿ੍ਫਤਾਰ ਕੀਤੇ ਪੁਲਿਸ ਮੁਲਾਜ਼ਮਾਂ ਦੀ ਸ਼ਨਾਖਤ ਏ.ਐਸ.ਆਈ. ਨਰਿੰਦਰ ਸਿੰਘ ਤੇ ਮੁਖ ਸਿਪਾਹੀ ਪ੍ਰਗਟ ਸਿੰਘ ਵਜੋਂ ਹੋਈ ਹੈ | ਇਨ੍ਹਾਂ ਨੇ ਸਥਾਨਕ ਗੋਲਡਨ ਗੇਟ ਨੇੜੇ ਦਰਸ਼ਨ ਐਵੀਨਿਊ, ਦੇ ਰਹਿਣ ਵਾਲੇ ਕੁਲਬੀਰ ਸਿੰਘ ਨੂੰ ਨਸ਼ੀਲੀਆਂ ਤੇ ਪਾਬੰਦੀਸ਼ੁਦਾ ਦਵਾਈਆਂ ਅਤੇ ਕੈਪਸੂਲਾਂ ਸਮੇਤ ਪੁਲਿਸ ਸਟੇਸ਼ਨ ਚਾਟੀਵਿੰਡ ਦੇ ਅਧਿਕਾਰ ਖੇਤਰ ਵਿਚ ਫੜਿਆ ਹੈ | ਜਿਸ ਨੂੰ ਪੁਲਿਸ ਚੌਕੀ ਦਬੁਰਜੀ ਲਿਜਾਇਆ ਗਿਆ | ਇਸ ਤੋਂ ਬਾਅਦ, ਦੋਵਾਂ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਉਸ ਪਾਸੋਂ 2 ਲੱਖ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਲਈ ਤੇ ਉਸਨੂੰ ਛੱਡ ਦਿੱਤਾ | ਪੁਲਿਸ ਨੇ ਕੁਲਬੀਰ ਸਿੰਘ ਦੇ ਨਾਲ ਏਐੱਸਆਈ ਨਰਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਪ੍ਰਗਟ ਸਿੰਘ ਦੋਵਾਂ ਨੂੰ ਗਿ੍ਫਤਾਰ ਕਰ ਲਿਆ ਅਤੇ ਜਿਨ੍ਹਾਂ ਖਿਲਾਫ ਭਿ੍ਸ਼ਟਾਚਾਰ ਰੋਕਥਾਮ ਐਕਟ 1988 ਦੀ ਧਾਰਾ 7 ਅਤੇ 8, ਅਤੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21, 22, ਅਤੇ 59 ਦੇ ਤਹਿਤ ਥਾਣਾ ਚਾਟੀਵਿੰਡ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |