ਜੈਂਤੀਪੁਰ, 15 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਉੱਘੇ ਸਮਾਜ ਸੇਵੀ ਨਿਸ਼ਾਨ ਸਿੰਘ ਸਰਹਾਲਾ ਤੇ ਹਰਪਾਲ ਸਿੰਘ ਸੋਹੀ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਤੇ ਸੰਭਾਲ ਸਿਰਫ਼ ਸਰਕਾਰਾਂ ਜਾਂ ਕਿਸੇ ਇਕ ਵਰਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਜਿਥੇ ਪੂਰੀ ਦੁਨੀਆ ਵਾਤਾਵਰ ਪ੍ਰਦੂਸ਼ਣ ਦੀ ਲਪੇਟ 'ਚ ਆ ਰਹੀ ਹੈ, ਉਥੇ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਪਰਾਲੀ ਸਾੜਨਾ ਅਤੇ ਪਾਣੀ ਦੇ ਸਰੋਤਾਂ ਨੂੰ ਦੂਸ਼ਿਤ ਕਰਨਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ | ਨਿਸ਼ਾਨ ਸਿੰਘ ਸਰਹਾਲਾ ਨੇ ਖਾਸ ਕਰ ਕੇ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਸਿਰਫ਼ ਹਵਾ ਹੀ ਪ੍ਰਦੂਸ਼ਿਤ ਨਹੀਂ ਹੁੰਦੀ, ਸਗੋਂ ਇਸ ਨਾਲ ਜ਼ਮੀਨ ਵਿਚੋਂ ਮਿੱਤਰ ਕੀੜੇ ਵੀ ਮਰ ਜਾਂਦੇ ਹਨ | ਹਰਪਾਲ ਸਿੰਘ ਸੋਹੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਪੌਦੇ ਲਗਾਉਣੇ ਚਾਹੀਦੇ ਹਨ ਤੇ ਪਟਾਕੇ ਨਹੀਂ ਚਲਾਉਣੇ ਚਾਹੀਦੇ |