ਜੰਡਿਆਲਾ ਗੁਰੂ, 23 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡ ਵਾਸੀਆਂ ਨੂੰ ਵੀ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਮੰਤਰੀ ਸ: ਈ. ਟੀ. ਓ. ਨੇ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਬੰਡਾਲਾ ਵਿਖੇ ਅੱਜ ਵੱਖ-ਵੱਖ ਵਿਕਾਸ ਕਾਰਜਾਂ ਦਾ ਸਾਂਝਾ ਉਦਘਾਟਨ ਕਰਦਿਆਂ ਦੱਸਿਆ ਕਿ ਪਿੰਡ ਬੰਡਾਲਾ ਵਿਖੇ 15 ਕਰੋੜ 9 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ ਜਿਨ੍ਹਾਂ ਵਿਚ ਯੋਗੀ ਸਿੱਧ ਪੀਰ ਬਾਬਾ ਦੀ ਦਰਗਾਹ ਨੂੰ ਜਾਂਦੀ ਮੇਨ ਸੜਕ ਦਾ ਸੁੰਦਰੀਕਰਨ, ਯਾਦਗਾਰੀ ਗੇਟ, ਕਮਿਊਨਟੀ ਹਾਲ, ਵੈਟਰਨਰੀ ਹਸਪਤਾਲ ਅਤੇ ਪ੍ਰਾਇਮਰੀ ਹੈਲਥ ਸੈਂਟਰ ਤੋਂ ਇਲਾਵਾ ਗਲੀਆਂ ਓਨਾਲੀਆਂ, ਪਾਰਕਾਂ ਤੇ ਲਾਇਬ੍ਰੇਰੀ ਵੀ ਬਣਾਈ ਜਾਵੇਗੀ | ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਸਥਿਤੀ ਹੋਰ ਵੀ ਮਜਬੂਤ ਹੋਈ ਜਦੋਂ ਪਿੰਡ ਬੰਡਾਲਾ ਦੇ ਕੁਲਦੀਪ ਸਿੰਘ, ਸਾਹਿਬ ਸਿੰਘ, ਦਲਬੀਰ ਸਿੰਘ, ਲੱਖਾ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਗੀਰ ਸਿੰਘ ਅਤੇ ਹੋਰਾਂ ਨੇ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਹਰਭਜਨ ਸਿੰਘ ਈ. ਟੀ. ਓ. ਨੇ ਜੀ ਆਇਆਂ ਨੂੰ ਆਖਦਿਆਂ ਨਿੱਘਾ ਸਵਾਗਤ ਕੀਤਾ | ਇਸ ਮੌਕੇ ਡਾ: ਗੁਰਵਿੰਦਰ ਸਿੰਘ ਚੇਅਰਮੈਨ, ਮਨਪ੍ਰੀਤ ਸਿੰਘ ਸਰਪੰਚ ਨਵੀਂ ਆਬਾਦੀ, ਨਿਸ਼ਾਨ ਸਿੰਘ ਸਰਪੰਚ, ਅਨੋਖ ਸਿੰਘ ਸਰਪੰਚ ਧਾਰੜ, ਰਣਜੀਤ ਸਿੰਘ ਸਰਪੰਚ ਸੁੱਖੇਵਾਲ, ਗੁਰਮੁੱਖ ਸਿੰਘ ਸਰਪੰਚ ਸਰਜਾ, ਸਰਬਜੀਤ ਸਿੰਘ ਡਿੰਪੀ ਪ੍ਰਧਾਨ ਆਮ ਆਦਮੀ ਪਾਰਟੀ ਸ਼ਹਿਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
ਬੰਡਾਲਾ 'ਚ 15 ਕਰੋੜ 9 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਈ. ਟੀ. ਓ. ਨੇ ਰੱਖੇ ਨੀਂਹ ਪੱਥਰ <br/>
ਅਜੀਤ ਡੈਸਕ
24-10-2025