ਚੌਂਕ ਮਹਿਤਾ/ਬਾਬਾ ਬਕਾਲਾ ਸਾਹਿਬ, 3 ਦਸੰਬਰ (ਜਗਦੀਸ਼ ਸਿੰਘ ਬਮਰਾਹ/ਸ਼ੇਲਿੰਦਰਜੀਤ ਸਿੰਘ ਰਾਜਨ)-ਨੇੜਲੇ ਪਿੰਡ ਬੁੱਟਰ ਸਿਵੀਆਂ ਵਿਖੇ ਸਥਿਤ ਰਾਣਾ ਸ਼ੂਗਰ ਮਿੱਲ ਵਿਖੇ ਗੰਨੇ ਦੀ ਪਿੜਾਈ ਸੀਜ਼ਨ ਦੀ ਅੱਜ ਆਰੰਭਤਾ ਕਰ ਦਿੱਤੀ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਸੰਗਤਾਂ ਨੂੰ ਸਰਵਣ ਕਰਾਇਆ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਅਰਦਾਸ ਬੇਨਤੀ ਕਰਨ ਉਪਰੰਤ ਮਿੱਲ ਦੇ ਮੇਨ ਗੇਟ 'ਤੇ ਪਹੁੰਚ ਕੇ ਰਾਣਾ ਪਰਿਵਾਰ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਰਾਣਾ ਪ੍ਰੀਤ ਇੰਦਰ ਸਿੰਘ, ਰਾਣਾ ਕਰਨ ਪ੍ਰਤਾਪ ਸਿੰਘ, ਰਾਣਾ ਵੀਰ ਪ੍ਰਤਾਪ ਸਿੰਘ, ਸਾਬਕਾ ਵਿਧਾਇਕ ਮੈਡਮ ਸੁਖੀ ਰਾਣਾ, ਅਮਰੀਕ ਸਿੰਘ ਬੁੱਟਰ ਵੀਪੀ ਐਗਰੀਕਲਚਰ, ਪ੍ਰਤਾਪ ਸਿੰਘ ਵੀ. ਪੀ. ਕੇਨ, ਵਿਨੋਦ ਤਿਵਾੜੀ ਜੀ. ਐੱਮ. ਕੇਨ, ਅਸ਼ੋਕ ਚੌਧਰੀ, ਤਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜੀ. ਐੱਸ. ਬਰਾੜ ਆਦਿ ਨੇ ਰਿਬਨ ਕੱਟ ਕੇ ਗੰਨੇ ਦੀਆਂ ਟਰਾਲੀਆਂ ਨੂੰ ਅੰਦਰ ਆਉਣ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ। ਗੰਨਾ ਤੋਲਣ ਵਾਲੇ ਕੰਡੇ 'ਤੇ ਸਭ ਤੋਂ ਪਹਿਲਾਂ ਪਹੁੰਚੀ ਟਰਾਲੀ ਦੇ ਮਾਲਕ ਬਾਬਾ ਭਗਵਾਨ ਸਿੰਘ ਤਰਨਾ ਦਲ ਬਾਬਾ ਬਕਾਲਾ ਸਾਹਿਬ ਅਤੇ ਸੰਤ ਬਾਬਾ ਸੁਰਜਨ ਸਿੰਘ ਬੁਤਾਲਾ ਵਾਲਿਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਕੁੱਲ ਪੰਜ ਟਰਾਲੀਆਂ ਦੇ ਮਾਲਕਾਂ ਨੂੰ ਵੀ ਕੰਬਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਊਧਮ ਸਿੰਘ ਗੰਡੇ ਕੇ, ਸਰਪੰਚ ਕਸ਼ਮੀਰ ਸਿੰਘ ਮਹਿਤਾ, ਗੁਰਬਿੰਦਰ ਸਿੰਘ ਪੱਡਾ, ਹਰਦੇਵ ਸਿੰਘ, ਕਵਲਦੀਪ ਸਿੰਘ ਕੇਵੀ ਖੱਬੇ ਰਾਜਪੂਤਾਂ, ਹਰਜੀਤ ਸਿੰਘ, ਬਲਦੇਵ ਸਿੰਘ ਮਲੂਕ ਚੱਕ, ਅੰਗਰੇਜ਼ ਸਿੰਘ, ਬਲਜਿੰਦਰ ਸਿੰਘ, ਜਗਤਾਰ ਸਿੰਘ, ਲੱਥਾ ਸਿੰਘ ਨੱਥਾ ਸਿੰਘ ਅਤੇ ਹੋਰ ਬਹੁਤ ਸਾਰੇ ਗੰਨਾ ਉਤਪਾਦਕ ਵੀ ਮੌਕੇ 'ਤੇ ਮੌਜੂਦ ਸਨ।
ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਵਿਖੇ ਗੰਨੇ ਦਾ ਪਿੜਾਈ ਸੀਜ਼ਨ ਆਰੰਭ
ਅਜੀਤ ਡੈਸਕ
04-12-2025