ਸੰਘੋਲ, 15 ਜੂਨ (ਪਰਮਵੀਰ ਸਿੰਘ ਧਨੋਆ)-ਪਿੰਡ ਮਹੇਸ਼ਪੁਰਾ ਵਾਸੀ ਡੇਅਰੀ ਦਾ ਕਾਰਜ ਕਰਨ ਵਾਲੇ ਨੌਜਵਾਨ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਬਲਵਿੰਦਰ ਸਿੰਘ ਗੱਲਬਾਤ ਦੌਰਾਨ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਰਾਤ ਕਰੀਬ 8 ਵਜੇ ਰਿਕਸ਼ਾ ਰੇਹੜੀ 'ਤੇ ਪਿੰਡ ਰਾਣਵਾਂ ਸੈਂਟਰ ਵਿਖੇ ਦੁੱਧ ਪਾਉਣ ਜਾ ਰਿਹਾ ਸੀ ਕਿ ਮੱਟਾਂ ਡੇਰੇ ਨੇੜੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਲਿਆ | ਬਲਵਿੰਦਰ ਸਿੰਘ ਕਿਹਾ ਕਿ ਰੋਕਣ ਵਾਲਿਆਂ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਉਪਰੰਤ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤ ਨੂੰ ਜ਼ਖਮੀ ਹਾਲਤ 'ਚ ਖਮਾਣੋਂ ਦੇ ਹਸਪਤਾਲ ਦਾਖਲ ਕਰਵਾਇਆ ਗਿਆ | ਪੀੜਤ ਕਿਹਾ ਕਿ ਉਨ੍ਹਾਂ ਦਾ ਡੇਅਰੀ ਨੂੰ ਲੈ ਕੇ ਇਕ ਧਿਰ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਹੈ | ਜਿਨ੍ਹਾਂ ਵਲੋਂ ਉਸ 'ਤੇ ਆਪਣੇ ਸਾਥੀਆਂ ਨਾਲ ਰੰਜਸ਼ ਤਹਿਤ ਹਮਲਾ ਕੀਤਾ ਗਿਆ ਹੈ | ਮਾਮਲੇ 'ਚ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੋਹਨ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਪੀੜਤ ਦੇ ਬਿਆਨ ਦਰਜ ਕਰ ਲਏ ਗਏ ਹਨ | ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ 'ਚ ਮਾਮਲਾ ਲੁੱਟ ਖੋਹ ਦਾ ਨਾ ਹੋ ਕੇ ਪੁਰਾਣੀ ਰੰਜਸ਼ ਦਾ ਪ੍ਰਤੀਤ ਹੁੰਦਾ ਹੈ | ਮਾਮਲੇ 'ਚ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ |