ਰਾਜਪੁਰਾ, 15 ਜੂਨ (ਜੀ.ਪੀ. ਸਿੰਘ)-ਸਵੇਰੇ 9 ਵਜੇ ਦੇ ਕਰੀਬ ਰਾਜਪੁਰਾ ਦੇ ਪੁਰਾਣੇ ਅੰਡਰਬਿ੍ਜ 'ਚ ਇਕ ਮਾਰੂਤੀ-800 ਕਾਰ ਅਚਾਨਕ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਸੜ ਗਈ ਪਰ ਗ਼ਨੀਮਤ ਇਹ ਰਹੀ ਇਕ ਕਾਰ ਸਵਾਰ 5 ਜਣੇ ਵਾਲ-ਵਾਲ ਬੱਚ ਗਏ | ਜਾਣਕਾਰੀ ਅਨੁਸਾਰ ਵਿਜੈ ਕੁਮਾਰ ਵਾਸੀ ਅੰਬਾਲਾ ਆਪਣੇ ਪਿਤਾ ਸੁਖਦੇਵ ਕੁਮਾਰ, ਪਤਨੀ ਅਤੇ ਦੋ ਬੱਚਿਆਂ ਨਾਲ ਸਵੇਰੇ 9 ਵਜੇ ਦੇ ਕਰੀਬ ਆਪਣੀ ਮਾਰੂਤੀ-88 ਕਾਰ 'ਚ ਸਵਾਰ ਹੋ ਕੇ ਰਾਜਪੁਰਾ ਤੋਂ ਅੰਬਾਲਾ ਜਾ ਰਹੇ ਸਨ | ਇਸ ਦੌਰਾਨ ਜਦੋਂ ਉਹ ਸਥਾਨਕ ਪੁਰਾਣੇ ਅੰਡਰ ਬਿ੍ਜ 'ਚ ਪਹੁੰਚੇ ਤਾਂ ਉੱਪਰ ਚੜ੍ਹਨ ਲੱਗਿਆਂ ਉਨ੍ਹਾਂ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ | ਜਿਸ 'ਤੇ ਕਾਰ 'ਚ ਸਵਾਰ ਸਾਰੀਆਂ ਸਵਾਰੀਆਂ ਜਲਦੀ ਨਾਲ ਕਾਰ ਵਿਚੋਂ ਬਾਹਰ ਆ ਗਈਆਂ | ਅੱਗ ਨੂੰ ਬੁਝਾਉਣ ਲਈ ਪਹਿਲਾਂ ਨੇੜਲੀਆਂ ਝੁੱਗੀਆਂ ਦੇ ਰਹਿੰਦੇ ਲੋਕ ਮੌਕੇ 'ਤੇ ਪਹੁੰਚ ਗਏ ਪਰ ਅੱਗ ਜ਼ਿਆਦਾ ਹੋਣ ਕਾਰਨ ਫਾਇਰ ਬਿ੍ਗੇਡ ਨੂੰ ਬਲਾਇਆ ਗਿਆ | ਜਿਸ 'ਤੇ ਮੁੱਖ ਫਾਇਰਮੈਨ ਬਲਦੇਵ ਰਾਜ, ਚਾਲਕ ਨਿਰਮਲ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ ਤੇ ਕਾਰ ਦੀ ਅੱਗ ਬੁਝਾਈ | ਇਸ ਦੌਰਾਨ ਅੰਡਰ ਬਿ੍ਜ 'ਤੇ ਵਾਹਨਾਂ ਦੀਆਂ ਲਾਈਨਾਂ ਲੱਗ ਗਈ ਪਰ ਪੁਲਿਸ ਨੂੰ ਸੂਚਿਤ ਕਰਨ 'ਤੇ ਟ੍ਰੈਫਿਕ ਪੁਲਿਸ ਦੇ ਜਵਾਨਾਂ ਨੇ ਸੜੀ ਕਾਰ ਨੂੰ ਸੜਕ ਕੰਢੇ ਕੀਤਾ ਤੇ ਆਵਾਜਾਈ ਬਹਾਲ ਕਰਵਾਈ |