ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਨੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ ਪੰਜਾਬ ਵਿਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਕਾਰਨ ਹਿੰਦੂ ਭਾਈਚਾਰੇ ਅਤੇ ਪੰਜਾਬ ਦੇ ਵਪਾਰੀ ਵਰਗ ਵਿਚ ਡਰ ਦਾ ਮਾਹੌਲ ਹੈ | ਉਨ੍ਹਾਂ ਖ਼ਾਸ ਤੌਰ 'ਤੇ ਕਿਹਾ ਕਿ ਜਿਸ ਤਰ੍ਹਾਂ ਨਿਹੰਗਾਂ ਵਲੋਂ ਧਾਰਮਿਕ ਪਹਿਰਾਵੇ ਵਿਚ ਅਤੇ ਧਾਰਮਿਕ ਹਥਿਆਰਾਂ ਦੀ ਮਦਦ ਨਾਲ ਪੰਜਾਬ ਵਿਚ ਗੁੰਡਾਗਰਦੀ ਕੀਤੀ ਜਾ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਪੰਜਾਬ ਵਿਚ ਕਾਨੂੰਨ ਦਾ ਰਾਜ ਖ਼ਤਮ ਹੋ ਗਿਆ ਹੈ ਅਤੇ ਜੰਗਲ ਦਾ ਕਾਨੂੰਨ ਲਾਗੂ ਹੈ | ਪੰਜਾਬ ਵਿਚ ਜਿੱਥੇ ਗੈਂਗਸਟਰ ਵਾਦ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ, ਉੱਥੇ ਲਗਾਤਾਰ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਵੱਡੇ ਪੱਧਰ 'ਤੇ ਹਿੰਸਾ ਹੋ ਰਹੀ ਹੈ | ਦੂਜੇ ਪਾਸੇ, ਪੰਜਾਬ ਵਿਚ ਨੈਤਿਕ ਪੁਲਿਸਿੰਗ ਦੇ ਨਾਮ 'ਤੇ ਕੁਝ ਨਿਹੰਗਾਂ ਨੇ ਇਕ ਨਿਹੱਥੀ ਔਰਤ ਦਾ ਕਤਲ ਕਰ ਦਿੱਤਾ | ਕੰਚਨ ਕੁਮਾਰੀ ਉਰਫ਼ ਕਮਲ ਕੌਰ (ਭਾਬੀ) ਅਤੇ ਜਿਸ ਤਰ੍ਹਾਂ ਅੰਮਿ੍ਤਪਾਲ ਸਿੰਘ ਮਹਿਰੋਂ ਨਿਹੰਗ ਇਸ ਕਤਲ ਨੂੰ ਮਹਿਮਾਮਈ ਬਣਾ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਸਰਗਰਮ ਹੋਰ ਔਰਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਜਦੋਂ ਕਿ ਕੁਝ ਲੋਕ ਅਤੇ ਸਮੂਹ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਬਹਾਦਰ ਯੋਧਾ ਸਿੰਘ ਕਹਿਣ ਲਈ ਕੰਮ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਇਸ ਸਾਰੇ ਮਾਮਲੇ 'ਤੇ ਚੁੱਪ ਹੈ | ਸ਼ਿਵ ਸੈਨਾ ਹਿੰਦੁਸਤਾਨ ਕਿਸੇ ਵੀ ਤਰ੍ਹਾਂ ਸਮਾਜ ਦੀ ਸ਼ਾਨ ਜਾਂ ਇਸ ਦੀ ਨੈਤਿਕਤਾ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਔਰਤ ਦੇ ਹੱਕ ਵਿਚ ਨਹੀਂ ਹੈ, ਪਰ ਕਿਸੇ ਵੀ ਸੰਪਰਦਾ ਜਾਂ ਧਾਰਮਿਕ ਸੰਗਠਨ ਜਾਂ ਨਿਹੰਗਾਂ ਨੂੰ ਕਿਸੇ ਖ਼ਾਸ ਵਿਅਕਤੀ ਜਾਂ ਔਰਤ ਨੂੰ ਆਪਣੀ ਪਸੰਦ ਜਾਂ ਨਾਪਸੰਦ ਅਨੁਸਾਰ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ | ਸ਼ਿਵ ਸੈਨਾ ਹਿੰਦੁਸਤਾਨ ਇਸ ਦਾ ਸਖ਼ਤ ਵਿਰੋਧ ਕਰਦੀ ਹੈ | ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸ਼ਮਾਕਾਂਤ ਪਾਂਡੇ, ਹਿੰਦੁਸਤਾਨ ਵਪਾਰ ਸੈਨਾ ਪੰਜਾਬ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਗਾਬਾ ਆਦਿ ਵੀ ਮੌਜੂਦ ਸਨ |