ਫ਼ਤਹਿਗੜ੍ਹ ਸਾਹਿਬ, 15 ਜੂਨ (ਰਵਿੰਦਰ ਮੌਦਗਿਲ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਤੇ ਭਾਜਪਾ ਪੰਜਾਬ ਦੇ ਚੀਫ਼ ਮੀਡੀਆ ਕੋਆਰਡੀਨੇਟਰ ਅਸ਼ਵਨੀ ਸੇਖੜੀ ਵਲੋਂ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 11 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਯੁੱਗ ਪੁਰਸ਼ ਨਰਿੰਦਰ ਮੋਦੀ ਨੇ ਆਪਣੀ ਕਾਬਲੀਅਤ ਅਤੇ ਦੂਰਅੰਦੇਸ਼ੀ ਸਦਕਾ ਭਾਰਤ ਦਾ ਸਿਰ ਪੂਰੀ ਦੁਨੀਆ ਅੱਗੇ ਮਾਣ ਨਾਲ ਇੰਨਾ ਉੱਚਾ ਕਰ ਦਿੱਤਾ ਹੈ ਕਿ ਦੁਸ਼ਮਣ ਦੇਸ਼ ਹੁਣ ਕੋਈ ਭਾਰਤ ਵਿਰੋਧੀ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰ ਸੋਚਿਆ ਕਰਨਗੇ | ਅਸ਼ਵਨੀ ਸੇਖੜੀ ਨੇ ਕਿਹਾ ਕਿ ਉਹ ਨਰਿੰਦਰ ਮੋਦੀ ਹੀ ਹਨ ਜਿਨ੍ਹਾਂ ਨੇ ਬੀਤੇ ਦਿਨੀਂ ਪਹਿਲਗਾਮ ਵਿਖੇ ਸੈਲਾਨੀਆਂ 'ਤੇ ਕੀਤੇ ਗਏ ਅੱਤਵਾਦੀ ਹਮਲੇ ਉਪਰੰਤ ਪਾਕਿਸਤਾਨ ਵਿਖੇ ਬਣੇ ਅਨੇਕਾਂ ਅੱਤਵਾਦੀ ਟਿਕਾਣਿਆਂ ਨੂੰ ਪਲਾਂ 'ਚ ਹੀ ਤਬਾਹ ਕਰਕੇ ਦੱਸ ਦਿੱਤਾ ਕਿ ਭਾਰਤ ਹੁਣ ਪਹਿਲਾਂ ਵਾਲਾ ਭਾਰਤ ਨਹੀਂ ਹੈ ਜੋ ਦੁਸ਼ਮਣ ਦੇਸ਼ਾਂ ਦੀਆਂ ਵਧੀਕੀਆਂ ਚੁੱਪਚਾਪ ਸਹਿ ਲਵੇਗਾ | ਉਨ੍ਹਾਂ ਦੱਸਿਆ ਕਿ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿਚ ਧਾਰਾ 370 ਨੂੰ ਤੋੜਨ ਦੀ ਜਿੱਥੇ ਜੁਰਅਤ ਦਿਖਾਈ ਉੱਥੇ ਹੀ ਮੁਸਲਿਮ ਭੈਣਾਂ ਬੀਬੀਆਂ ਨਾਲ ਹੋ ਰਹੀ ਵਧੀਕੀ ਨੂੰ ਵੀ ਤਿੰਨ ਤਲਾਕ ਸਬੰਧੀ ਕਾਨੂੰਨ 'ਚ ਤਬਦੀਲੀ ਲਿਆ ਕੇ ਰੋਕਿਆ | ਅਸ਼ਵਨੀ ਸੇਖੜੀ ਨੇ ਦੱਸਿਆ ਕਿ ਨਰਿੰਦਰ ਮੋਦੀ ਉੱਜਵਲਾ ਯੋਜਨਾ ਰਾਹੀਂ ਕਰੋੜਾਂ ਔਰਤਾਂ ਨੂੰ ਚੁੱਲ੍ਹਾ ਬਾਲਣ ਤੋਂ ਮੁਕਤੀ ਦਵਾ ਚੁੱਕੇ ਹਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਕਰੋੜਾਂ ਲੋੜਵੰਦਾਂ ਨੂੰ ਘਰ ਬਣਾ ਕੇ ਦਿੱਤੇ ਜਾ ਰਹੇ ਹਨ, ਕਰੋੜਾਂ ਦੇਸ਼ ਵਾਸੀਆਂ ਨੂੰ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦਿਹਾਤੀ ਇਲਾਕਿਆਂ 'ਚ ਔਰਤਾਂ ਨੂੰ ਹਰ ਰੋਜ਼ 15-15 ਮੀਲ ਤੁਰ ਕੇ ਪੀਣ ਯੋਗ ਪਾਣੀ ਢੋਣਾ ਪੈਂਦਾ ਸੀ ਉਨ੍ਹਾਂ ਦੇ ਘਰਾਂ ਤੱਕ ਮੁਫ਼ਤ ਪੀਣ ਯੋਗ ਪਾਣੀ ਪਹੁੰਚਾਇਆ ਗਿਆ ਹੈ ਤੇ ਇਸ ਯੋਜਨਾ ਦਾ ਲਾਭ ਭਾਰਤ ਦੇ ਕਰੋੜਾਂ ਲੋਕ ਲੈ ਰਹੇ ਹਨ | ਇਸ ਮੌਕੇ ਬਿਹਾਰ ਦੇ ਸਾਬਕਾ ਵਿਧਾਇਕ ਬੈਦਯਨਾਥ ਪ੍ਰਸਾਦ, ਸੰਦੀਪ ਬੱਲ, ਪੰਡਿਤ ਦੇਵੀ ਦਿਆਲ ਪਰਾਸ਼ਰ, ਹਰੀਸ਼ ਅਗਰਵਾਲ, ਸੁਭਾਸ਼ ਪੰਡਿਤ, ਦਵਿੰਦਰ ਭੱਟ, ਗੁਰਮੁਖ ਸਿੰਘ, ਹਰਪਾਲ ਸਿੰਘ ਬੇਦੀ, ਚਰਨਜੀਤ ਸਹਿਦੇਵ, ਆਸ਼ੂਤੋਸ਼ ਬਾਤਿਸ਼, ਵਿਜੈ ਪਾਠਕ ਮੌਜੂਦ ਸਨ |