ਪਟਿਆਲਾ, 17 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਪਿੰਡ ਬਠੋਈ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਤੋਂ ਬਾਅਦ ਬੀ.ਡੀ.ਪੀ.ਓ. ਦਫ਼ਤਰ ਵਿਚ ਇਕ ਕਿਸਾਨ ਜਥੇਬੰਦੀ ਦੀ ਸ਼ਹਿ 'ਤੇ ਕੁਝ ਜਨਰਲ ਕੈਟਾਗਰੀ ਦੇ ਲੋਕਾਂ ਵਲੋਂ ਐਸ. ਸੀ. ਭਾਈਚਾਰੇ ਦੇ ਲੋਕਾਂ 'ਤੇ ਹਮਲਾ ਕਰ ਜ਼ਖਮੀ ਕਰਨ ਅਤੇ ਐਸ. ਸੀ. ਭਾਈਚਾਰੇ ਦੇ ਹਿੱਸੇ ਦੀ ਜ਼ਮੀਨ 'ਤੇ ਕਬਜ਼ਾ ਕਰਨ ਵਾਲੇ ਦੋਸ਼ੀਆਂ 'ਤੇ ਤੁਰੰਤ ਕਾਰਵਾਈ ਲਈ ਇਕ ਮੰਗ ਪੱਤਰ ਪਟਿਆਲਾ ਦੇ ਐਸ.ਡੀ.ਐਮ. ਗੁਰਦੇਵ ਸਿੰਘ ਥੰਮ੍ਹਣ ਨੂੰ ਦਿੱਤਾ ਗਿਆ | ਨਰੇਗਾ ਵਰਕਰਜ਼ ਫ਼ਰੰਟ ਪੰਜਾਬ ਪ੍ਰਧਾਨ ਅਜੈਬ ਸਿੰਘ ਬਠੋਈ ਦੀ ਅਗਵਾਈ ਵਿਚ ਫ਼ੈਕਟਰੀ ਏਰੀਆ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਵਿਖੇ ਦਲਿਤ ਸਮਾਜ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਇਕੱਠ ਕਰ ਰੋਸ ਜਤਾਇਆ ਗਿਆ | ਇਸ ਮੌਕੇ 'ਤੇ ਗੁਰੂ ਗਿਆਨ ਨਾਥ ਪਾਵਨ ਭਗਵਾਨ ਵਾਲਮੀਕੀ ਤੀਰਥ ਸਥਾਨ ਦੇ ਸ੍ਰੀ ਅੰਮਿ੍ਤਸਰ ਸਰਪ੍ਰਸਤ ਸੰਤ ਬਾਬਾ ਨਛੱਤਰ ਦਾਸ ਸ਼ੇਰਗਿੱਲ, ਸੂਬਾ ਪ੍ਰਧਾਨ ਦਰਸ਼ਨ ਸਿੰਘ ਮੈਣ, ਨਰੇਗਾ ਵਰਕਰਜ਼ ਫ਼ਰੰਟ ਪੰਜਾਬ ਪ੍ਰਧਾਨ, ਰਮੇਸ਼ ਸਿੰਘ ਕਾਹਲੋਂ ਆਦਿ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ | ਮੰਗ ਪੱਤਰ ਵਿਚ ਦੱਸਿਆ ਗਿਆ ਪਿੰਡ ਬਠੋਈ ਕਲਾਂ ਦੀ ਜਿਹੜੀ ਜ਼ਮੀਨ ਐਸ.ਸੀ. ਭਾਈਚਾਰੇ ਦੇ ਹਿੱਸੇ ਦੀ ਸੀ ਉਸ ਉੱਤੇ ਜਨਰਲ ਕੈਟਾਗਰੀ ਦੇ ਕੁਝ ਲੋਕਾਂ ਨੇ ਆਪਣਾ ਕਬਜ਼ਾ ਕਰ ਲਿਆ ਹੈ | ਜ਼ਮੀਨ ਦੀ ਬੋਲੀ ਐਸ.ਸੀ. ਭਾਈਚਾਰੇ ਦੇ ਹੱਕ ਵਿਚ ਹੋ ਚੁੱਕੀ ਹੈ ਅਤੇ 1/3 ਹਿੱਸੇ ਅਤੇ ਐਸ.ਸੀ. ਭਾਈਚਾਰੇ ਦੇ ਬੋਲੀ ਦੇ ਕੇ ਪੈਸੇ ਭਰ ਕੇ ਰਸੀਦਾਂ ਪ੍ਰਾਪਤ ਕਰ ਲਈਆਂ ਹਨ ਪਰ ਹੁਣ ਜਥੇਬੰਦੀ ਦੀ ਸ਼ਹਿ ਨਾਲ ਪਿੰਡ ਦੇ ਕੁਝ ਜਨਰਲ ਅਤੇ ਨਜਾਇਜ਼ ਕਾਬਜ਼ ਲੋਕਾਂ ਦੁਆਰਾ ਜ਼ਮੀਨ 'ਤੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ | ਸਾਨੂੰ 1/3 ਹਿੱਸੇ ਦੀ ਜ਼ਮੀਨ ਦਾ ਕਬਜ਼ਾ ਦਿਵਾਇਆ ਜਾਵੇ | ਇਸ ਮੌਕੇ ਮਾਸਟਰ ਗੁਰਬਚਨ ਸਿੰਘ, ਭਗਵੰਤ ਸਿੰਘ, ਪ੍ਰਗਟ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਗੁਰਮੇਲ ਸਿੰਘ ਗੁਰਬਖਸ਼ਪੁਰਾ, ਜਰਨੈਲ ਸਿੰਘ ਆਦਿ ਹਾਜ਼ਰ ਸਨ |