04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ ਦੇ ਕਈ ਖੇਤਰਾਂ 'ਚ ਹੋਈ ਹਲਕੀ ਬਾਰਿਸ਼ ਕਾਰਨ ਝੋਨੇ ਦੀ ਲਵਾਈ ਨੇ ਫੜੀ ਰਫ਼ਤਾਰ

ਅਜੀਤ ਡੈਸਕ 19-06-2025
ਬਲਜਿੰਦਰ ਸਿੰਘ
ਫ਼ਤਹਿਗੜ੍ਹ ਸਾਹਿਬ, 18-ਪੰਜਾਬ ਵਿਚ ਪਿਛਲੇ ਦਿਨਾਂ ਤੋਂ ਝੁਲਸਾ ਦੇਣ ਵਾਲੀਆਂ ਚੱਲ ਰਹੀਆਂ ਗਰਮ ਹਵਾਵਾਂ (ਲੂ) ਅਤੇ ਅੱਤ ਦੀ ਗਰਮੀ ਕਾਰਨ ਝੋਨੇ ਦੀ ਲਵਾਈ ਦੀ ਚਾਲ ਕਾਫ਼ੀ ਮੱਠੀ ਪੈ ਗਈ ਸੀ ਪਰ ਕੱਲ੍ਹ ਤੋਂ ਤਾਪਮਾਨ ਘਟਣ ਤੇ ਪੰਜਾਬ ਦੇ ਕਈ ਖੇਤਰਾਂ ਵਿਚ ਹੋਈ ਹਲਕੀ ਬਾਰਿਸ਼ ਤੇ ਬੱਦਲਵਾਈ ਰਹਿਣ ਕਾਰਨ ਝੋਨੇ ਦੀ ਲਵਾਈ ਨੇ ਰਫ਼ਤਾਰ ਫੜ ਲਈ ਹੈ | ਪਿਛਲੇ ਦਿਨਾਂ ਦੌਰਾਨ ਤਾਪਮਾਨ 47 ਡਿਗਰੀ ਤੋਂ ਵੀ ਟੱਪ ਜਾਣ ਕਾਰਨ ਤੇ ਸੂਰਜੀ ਤਪਸ਼ ਨੇ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੇ ਝੋਨੇ ਦੀ ਲਵਾਈ ਤੋਂ ਹੱਥ ਖੜੇ੍ਹ ਕਰਾ ਦਿੱਤੇ ਸਨ ਅਤੇ ਉਹ ਸਵੇਰੇ ਸ਼ਾਮ ਹੀ ਝੋਨੇ ਦੀ ਲਵਾਈ ਕਰਨ ਲਈ ਮਜਬੂਰ ਹੋ ਗਏ ਸਨ, ਉੱਥੇ ਉਨ੍ਹਾਂ ਨੇ ਪ੍ਰਤੀ ਕਿੱਲਾ ਝੋਨੇ ਦੀ ਲਵਾਈ ਦੇ ਰੇਟਾਂ ਵਿਚ ਵੀ ਚੋਖਾ ਵਾਧਾ ਕਰ ਦਿੱਤਾ ਸੀ | ਜ਼ਿਲੇ੍ਹ ਦੇ ਪਿੰਡ ਨਬੀਪੁਰ ਦੇ ਨੌਜਵਾਨ ਕਿਸਾਨ ਗੁਰਪ੍ਰਤਾਪ ਸਿੰਘ ਗੋਪੀ ਚੀਮਾ ਨੇ ਦੱਸਿਆ ਕਿ ਪਹਿਲਾਂ 15 ਜੂਨ ਤੋਂ ਲਵਾਈ ਦੀ ਜਗ੍ਹਾ ਪੰਜਾਬ ਸਰਕਾਰ ਵਲੋਂ 1 ਜੂਨ ਕਰਨ ਦੀ ਵਜ੍ਹਾ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਲੰਮਾ ਸਮਾਂ ਮਿਲ ਗਿਆ ਹੈ, ਜਿਸ ਕਾਰਨ ਲੇਬਰ ਦੀ ਘਾਟ ਨਹੀਂ ਆ ਰਹੀ | ਉਸ ਨੇ ਦੱਸਿਆ ਕਿ ਗਰਮ ਹਵਾਵਾਂ (ਲੂੰ) ਤੇ ਗਰਮੀ ਜ਼ਿਆਦਾ ਪੈਣ ਕਾਰਨ ਝੋਨੇ ਦੀ ਲਵਾਈ ਦੀ ਚਾਲ ਪਹਿਲਾਂ ਪਹਿਲ ਭਾਵੇਂ ਮੱਠੀ ਸੀ, ਪਰ ਹੁਣ ਤਾਪਮਾਨ ਦੇ ਘਟਣ ਅਤੇ ਹਲਕੀ ਬਾਰਸ਼ ਕਾਰਨ ਝੋਨੇ ਦੀ ਲਵਾਈ ਵਿਚ ਤੇਜ਼ੀ ਆ ਗਈ ਹੈ | ਉਸ ਨੇ ਦੱਸਿਆ ਕਿ ਲੋਕਲ ਲੇਬਰ ਦੀ ਜਗ੍ਹਾ ਪ੍ਰਵਾਸੀ ਮਜ਼ਦੂਰ ਜ਼ਿਆਦਾ ਸਸਤੇ ਪੈਂਦੇ ਹਨ ਤੇ ਉਹ ਇਸ ਵਾਰੀ ਪ੍ਰਤੀ ਕਿੱਲਾ 4 ਹਜ਼ਾਰ ਤੋਂ 4500 ਝੋਨੇ ਦੀ ਲਵਾਈ ਲੈ ਰਹੇ ਹਨ | ਜਦੋਂ ਕਿ ਲੋਕਲ ਮਜ਼ਦੂਰ ਜ਼ਿਆਦਾ ਮਜ਼ਦੂਰੀ ਦੀ ਮੰਗ ਕਰਦੇ ਹਨ | ਭਾਵੇਂ ਝੋਨੇ ਦੀ ਲਵਾਈ ਵਿਚ ਪਹਿਲਾਂ ਨਾਲੋਂ ਤੇਜ਼ੀ ਆ ਗਈ ਹੈ, ਪਰ ਭਰਵੀਂ ਬਾਰਿਸ਼ ਨਾ ਹੋਣ ਕਰਕੇ ਖੇਤਾਂ ਵਿਚ ਪਾਣੀ ਖੜ੍ਹਾ ਕਰਨ ਲਈ ਕਿਸਾਨਾਂ ਨੂੰ ਟਿਊਬਵੈੱਲ ਤੇ ਨਹਿਰੀ ਪਾਣੀ 'ਤੇ ਹੀ ਨਿਰਭਰ ਹੋਣਾ ਪੈ ਰਿਹਾ ਹੈ | ਜਿਸ ਕਾਰਨ ਝੋਨੇ ਦੀ ਲਵਾਈ ਉਨ੍ਹਾਂ ਚਿਰ ਰਫ਼ਤਾਰ ਨਹੀਂ ਫੜ ਸਕੇਗੀ ਜਿੰਨਾ ਚਿਰ ਭਰਵੀਂ ਬਾਰਸ਼ ਨਹੀਂ ਹੁੰਦੀ | ਕਿਸਾਨ ਮੌਨਸੂਨ ਦੀ ਉਡੀਕ ਵਿਚ ਹਨ ਤੇ ਜੇਕਰ ਮੌਨਸੂਨ ਵਿਚ ਦੇਰੀ ਹੁੰਦੀ ਹੈ ਤਾਂ ਝੋਨੇ ਦੀ ਲਵਾਈ ਵੀ ਪੱਛੜ ਸਕਦੀ ਹੈ | ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਪਹਿਲਾਂ ਤਾਂ ਅੱਠ ਘੰਟੇ ਤੋਂ ਵੀ ਉੱਪਰ ਬਿਜਲੀ ਸਪਲਾਈ ਦਿੱਤੀ ਜਾ ਰਹੀ ਸੀ, ਪਰ ਪਿਛਲੇ ਦਿਨੀਂ ਤਾਪਮਾਨ ਵਧਣ ਦੇ ਬਾਵਜੂਦ ਤੇ ਹੁਣ ਵੀ ਅੱਠ ਘੰਟੇ ਨਿਰੰਤਰ ਬਿਜਲੀ ਦੀ ਸਪਲਾਈ ਝੋਨੇ ਦੀ ਲਵਾਈ ਲਈ ਦਿੱਤੀ ਜਾ ਰਹੀ ਹੈ | ਖੇਤੀ ਮਾਹਿਰਾਂ ਅਨੁਸਾਰ ਪੰਜਾਬ ਵਿਚ ਲਗਭਗ 32 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਬੀਜਿਆ ਜਾਂਦਾ ਹੈ ਅਤੇ ਪੰਜਾਬ ਕੇਂਦਰੀ ਪੂਲ ਵਿਚ ਲਗਪਗ 20 ਤੋਂ 22 ਫ਼ੀਸਦੀ ਚਾਵਲਾਂ ਦਾ ਭੁਗਤਾਨ ਕੇਂਦਰੀ ਪੂਲ ਵਿਚ ਦਿੰਦਾ ਹੈ | ਪੰਜਾਬ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਿਸ਼ ਤੇ ਪੂਸਾ 44 ਜਿਹੜੀ ਪੱਕਣ ਵਾਸਤੇ ਬਹੁਤ ਜ਼ਿਆਦਾ ਸਮਾਂ ਲੈਂਦੀ ਹੈ 'ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ | ਇਸ ਦੀ ਬਜਾਏ ਪੰਜਾਬ ਸਰਕਾਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਤੇ ਘੱਟ ਸਮੇਂ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਨ ਦੀ ਸਲਾਹ ਦਿੱਤੀ ਹੈ ਅਤੇ ਕਿਸਾਨਾਂ ਵਿਚ ਘੱਟ ਸਮੇਂ ਵਿਚ ਪੱਕਣ ਵਾਲੀਆਂ ਪੀ.ਆਰ. 126 ਤੇ ਪੀ.ਆਰ. 131 ਕਿਸਮਾਂ ਦੇ ਝੋਨੇ ਦੀ ਬਿਜਾਈ ਦਾ ਜ਼ਿਆਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ |
ਪਿਛਲੀ ਖ਼ਬਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।