ਦੇਵੀਗੜ੍ਹ, 31 ਅਗਸਤ (ਰਾਜਿੰਦਰ ਸਿੰਘ ਮੌਜੀ)-''ਪੰਜਾਬ ਨੂੰ ਬਚਾਉਣਾ ਹੈ ਤਾਂ ਕਿ੍ਸ਼ਨ ਕੁਮਾਰ ਨੂੰ ਹਟਾਇਆ ਜਾਵੇ |'' ਇਹ ਗੱਲ ਕਿਸੇ ਵਿਰੋਧੀ ਪਾਰਟੀ ਦੇ ਨੇਤਾ ਨਹੀਂ ਕਹੀ ਸਗੋਂ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਹੀ ਹੈ | ਅੱਜ ਇੱਥੇ ਘੱਗਰ ਦਰਿਆ ਦੇ ਵਧਦੇ ਪਾਣੀ ਦਾ ਜਾਇਜ਼ਾ ਲੈਣ ਆਏ ਪਠਾਣਮਾਜਰਾ ਆਪਣੀ ਸਰਕਾਰ ਦੇ ਪਿ੍ੰਸੀਪਲ ਸਕੱਤਰ ਕਿ੍ਸ਼ਨ ਕੁਮਾਰ 'ਤੇ ਵਰ੍ਹਦਿਆਂ ਕਿ ਹੈ ਕਿ ਅੱਜ ਅਗਰ ਪੰਜਾਬ ਡੁੱਬ ਰਿਹਾ ਹੈ ਤਾਂ ਉਸ ਦੀ ਵਜ੍ਹਾ ਕਿ੍ਸ਼ਨ ਕੁਮਾਰ ਹਨ ਜੋ ਜਲ ਸ੍ਰੋਤ ਵਿਭਾਗ ਦੇ ਸਕੱਤਰ ਹਨ | 'ਆਪ' ਆਗੂ ਨੇ ਕਿਹਾ ਕਿ ਡੈਮ ਦੀ ਸਮਰੱਥਾ ਸਾਢੇ ਤਿੰਨ ਲੱਖ ਕਿਊਸਿਕ ਪਾਣੀ ਦੀ ਹੈ ਪਰ ਕਿ੍ਸ਼ਨ ਕੁਮਾਰ ਨੇ ਪਾਣੀ ਖੋਲ੍ਹਣ ਦੀ ਇਜਾਜ਼ਤ ਉਦੋਂ ਦਿੱਤੀ ਜਦੋਂ 14 ਲੱਖ ਕਿਊਸਿਕ ਪਾਣੀ ਇਕੱਠਾ ਹੋ ਗਿਆ | ਉਨ੍ਹਾਂ ਕਿਹਾ ਕਿ ਮੈਂ ਆਪਣੇ ਇਲਾਕੇ ਦੀਆਂ ਨਦੀਆਂ ਨਾਲਿਆਂ ਨੂੰ ਸਾਫ਼ ਕਰਵਾਉਣ ਲਈ ਵਿਧਾਨ ਸਭਾ ਵਿਚ ਮੁੱਦਾ ਉਠਾਇਆ, ਕਿ੍ਸ਼ਨ ਕੁਮਾਰ ਦੇ ਦਫ਼ਤਰ ਦੇ ਦਸ ਚੱਕਰ ਲਗਾਏ ਪਰ ਵਿਧਾਇਕ ਹੋਣ ਦੇ ਬਾਵਜੂਦ ਸੁਣਵਾਈ ਨਹੀਂ ਹੋਈ | 'ਆਪ' ਵਿਧਾਇਕ ਨੇ ਕਿਹਾ ਕਿ ਹਲਕਾ ਸਨੌਰ ਵਿਚੋਂ ਲੰਘਦੇ ਘੱਗਰ ਦਰਿਆ, ਟਾਂਗਰੀ ਨਦੀ ਅਤੇ ਹੋਰ ਨਾਲੇ ਜਿਨ੍ਹਾਂ ਦੀ ਸਫ਼ਾਈ ਲੰਬੇ ਸਮੇਂ ਤੋਂ ਨਹੀਂ ਹੋਈ, ਦੀ ਸਫ਼ਾਈ ਅਫ਼ਸਰ ਤਾਂ ਕਰਵਾਉਣੀ ਚਾਹੁੰਦੇ ਹਨ ਪਰ ਕਿ੍ਸ਼ਨ ਕੁਮਾਰ ਕਿਸੇ ਦੀ ਵਾਹ ਨਹੀਂ ਚੱਲਣ ਦਿੰਦਾ | ਪਠਾਣਮਾਜਰਾ ਨੇ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਨੂੰ ਵੀ ਕਹਿ ਚੁੱਕਾ ਹਾਂ ਪਰ ਉਸ ਨੰੂ ਨਹੀਂ ਹਟਾਇਆ ਗਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਪੰਜਾਬ ਡੁੱਬ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਂ ਵਿਧਾਇਕ ਹੋ ਕੇ ਆਪਣੀ ਸਰਕਾਰ ਦੇ ਖ਼ਿਲਾਫ਼ ਬੋਲ ਰਿਹਾ ਹਾਂ ਕਿਉਂਕਿ ਮੇਰੀ ਸੁਣਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਮੈਂ ਤਾਂ ਇਹ ਵੀ ਵਾਰ-ਵਾਰ ਕਹਿੰਦਾ ਆ ਰਿਹਾ ਹਾਂ ਕਿ ''ਬਾਹਰਲੇ ਭਜਾਓ-ਪੰਜਾਬ ਬਚਾਓ'' ਪਰ ਐਸਾ ਕੁਝ ਨਹੀਂ ਕੀਤਾ ਗਿਆ ਜਿਸ ਕਰਕੇ ਅੱਜ ਸਾਰਾ ਪੰਜਾਬ ਖ਼ਮਿਆਜ਼ਾ ਭੁਗਤ ਰਿਹਾ ਹੈ | ਇਸ ਮੌਕੇ ਡਾ. ਗੁਰਮੀਤ ਸਿੰਘ ਬਿੱਟੂ, ਪੀ.ਏ. ਗੁਰਪ੍ਰੀਤ ਸਿੰਘ ਗੁਰੀ, ਨਰਿੰਦਰ ਸ਼ਰਮਾ ਮਸੀਂਗਣ ਆਦਿ ਹਾਜ਼ਰ ਸਨ |