ਪਟਿਆਲਾ, 21 ਸਤੰਬਰ (ਗੁਰਵਿੰਦਰ ਸਿੰਘ ਔਲਖ)-ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ, (ਮਗਸੀਪਾ) ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਤੇ ਸਕੱਤਰ ਅਨੀਰੁੱਧ ਤਿਵਾੜੀ ਨੇ ਕਿਹਾ ਹੈ ਕਿ ਸਾਡਾ ਦੇਸ਼ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਨ ਵਾਲੀ ਅਰਥਵਿਵਸਥਾ ਹੈ | ਉਨ੍ਹਾਂ ਇਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (ਆਰ. ਜੀ. ਐਨ. ਯੂ. ਐਲ.) ਵਲੋਂ ਕਰਵਾਏ ਦੋ ਦਿਨਾਂ ਰਾਸ਼ਟਰੀ ਸੰਮੇਲਨ 'ਸੀਜ਼ਨਜ਼ ਆਫ਼ ਲਾਈਫ਼' 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਜੇ ਅਸੀਂ ਬਜ਼ੁਰਗਾਂ ਦੇ ਤਜਰਬੇ ਤੇ ਸਿਆਣਪ ਅਤੇ ਨੌਜਵਾਨਾਂ ਦੀ ਤਾਕਤ ਨਾਲ ਜੋੜੀਏ, ਤਾਂ ਭਾਰਤ ਵਿਸ਼ਵ ਸ਼ਕਤੀ ਬਣੇਗਾ | ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਤੇ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ ਦੇ ਸਾਂਝੇ ਯਤਨਾਂ ਨਾਲ ਕਰਵਾਏ | ਸੰਮੇਲਨ ਦੌਰਾਨ ਅਨੀਰੁੱਧ ਤਿਵਾੜੀ ਨੇ ਕਿਹਾ ਕਿ ਉਮਰ ਕਿਸੇ ਵੀ ਕੰਮ ਵਿਚ ਰੁਕਾਵਟ ਨਹੀਂ | ਉਨ੍ਹਾਂ ਕਿਹਾ ਕਿ ਨੋਬਲ ਇਨਾਮ ਜੇਤੂਆਂ ਦੀ ਉਮਰ ਵੀ ਵਧ ਰਹੀ ਹੈ, ਖ਼ੁਸ਼ ਰਹਿਣ ਦਾ ਰਾਜ ਸਿਆਣਪ ਤੇ ਤਾਕਤ ਦਾ ਸੰਤੁਲਨ ਹੈ | ਸ੍ਰੀ ਤਿਵਾੜੀ ਨੇ ਦੱਸਿਆ ਕਿ ਭਾਰਤ ਸਭ ਤੋਂ ਪੁਰਾਣੀਆਂ ਸਭਿਆਚਾਰਾਂ ਵਿਚੋਂ ਇਕ ਹੈ ਤੇ ਨਾਲ ਹੀ ਨੌਜਵਾਨ ਦੇਸ਼ ਵੀ ਹੈ | ਸਾਡੇ ਦੇਸ਼ ਦੀ 64 ਫ਼ੀਸਦੀ ਆਬਾਦੀ 15 ਤੋਂ 35 ਸਾਲ ਦੀ ਹੈ ਜਦ ਕਿ 6 ਫ਼ੀਸਦੀ ਬਜ਼ੁਰਗ ਹਨ, ਜੇਕਰ ਦੋਵਾਂ ਪੀੜ੍ਹੀਆਂ ਨੂੰ ਇਕੱਠਾ ਕੀਤਾ ਜਾਵੇ, ਤਾਂ ਭਾਰਤ ਜਲਦੀ ਹੀ ਵਿਕਸਿਤ ਦੇਸ਼ ਬਣੇਗਾ | ਆਰ. ਜੀ. ਐਨ. ਯੂ. ਐਲ. ਵਲੋਂ ਬਜ਼ੁਰਗਾਂ ਨੂੰ ਸੰਮੇਲਨ ਦੌਰਾਨ ਸਨਮਾਨਿਤ ਕੀਤਾ | ਸੈਮੀਨਾਰ ਦੀ ਅਗਵਾਈ ਰਾਜੀਵ ਗਾਂਧੀ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ (ਡਾਕਟਰ) ਜੈ ਸ਼ੰਕਰ ਸਿੰਘ ਨੇ ਕੀਤੀ | ਸੈਮੀਨਾਰ ਦੀ ਪ੍ਰਬੰਧਕ ਡਾ. ਜਸਲੀਨ ਕੇਵਲਾਨੀ ਨੇ ਕਿਹਾ ਕਿ ਸਿਰਫ਼ ਬਜ਼ੁਰਗ ਹੋ ਜਾਣਾ ਉਪਲਬਧੀ ਨਹੀਂ, ਅਸਲ ਗੱਲ ਇਹ ਹੈ ਕਿ ਆਪਣੇ ਅਨੁਭਵ ਨਾਲ ਨੌਜਵਾਨ ਪੀੜ੍ਹੀ ਨੂੰ ਕਿਵੇਂ ਰਾਹ ਦਿਖਾਇਆ ਜਾਵੇ | ਸੰਮੇਲਨ 'ਚ ਸਰਕਾਰੀ ਮੈਡੀਕਲ ਕਾਲਜ ਦੇ ਛਾਤੀ ਰੋਗਾਂ ਦੇ ਮਾਹਿਰ ਡਾ. ਵਿਸ਼ਾਲ ਚੋਪੜਾ ਤੇ ਲਾਅ ਟੀਚਰਜ਼ ਇੰਡੀਆ ਡਾ. ਕਲਪੇਸ਼ ਗੁਪਤਾ ਨੇ ਵੀ ਆਪਣੇ ਵਿਚਾਰ ਰੱਖੇ | ਡਾ. ਤਨਿਆ ਸੇਂਗੁਪਤਾ ਤੇ ਅਨੁਮੋਲ ਮੈਥਿਊ (ਰਾਸ਼ਟਰੀ ਸਮਾਜਿਕ ਸੁਰੱਖਿਆ ਸੰਸਥਾ), ਅਤੇ ਮਨਮੋਹਨ ਵਰਮਾ, ਕਾਨੂੰਨ ਅਧਿਕਾਰੀ-ਰਾਸ਼ਟਰੀ ਮਹਿਲਾ ਆਯੋਗ, ਰਜਿਸਟਰਾਰ ਡਾ. ਇਵਨੀਤ ਵਾਲੀਆ ਨੇ ਵੀ ਸੰਬੋਧਨ ਕੀਤਾ | ਵਿਦਿਆਰਥੀ ਕਨਵੀਨਰਾਂ ਦਕਸ਼ ਖੰਨਾ ਤੇ ਸੀਆ ਪੰਡਿਤਾ ਨੇ ਨੇ ਦੱਸਿਆ ਕਿ ਇਸ ਸੰਮੇਲਨ ਵਿਚ 177 ਰਿਸਰਚ ਪੇਪਰ ਭਾਰਤ ਨਾਲ-ਨਾਲ ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵ ਅਤੇ ਇੰਡੋਨੇਸ਼ੀਆ ਦੇ ਲੇਖਕਾਂ ਵਲੋਂ ਵੀ ਪੇਸ਼ ਕੀਤੇ ਗਏ |