ਸਨੌਰ ਹਲਕੇ 'ਚੋਂ 118 ਪੇਟੀਆਂ ਨਕਲੀ ਸ਼ਰਾਬ ਬਰਾਮਦ, ਜ਼ਿਲੇ੍ਹ ਦੀ ਸਰਹੱਦ ਲਾਗੇ ਫ਼ਰਜ਼ੀ ਫ਼ੈਕਟਰੀ ਹੋਣ ਦਾ ਖ਼ਦਸ਼ਾ
ਅਜੀਤ ਡੈਸਕ
17-10-2025
ਇਸ ਸੰਬੰਧੀ ਪੁਲਿਸ ਨੇ ਮਨਵੀਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਨਾਮ ਦੇ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਥਾਣਾ ਸਦਰ 'ਚ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਚੌਰਾ ਲਾਗੇ ਇਕ ਸੁੰਨਸਾਨ ਇਲਾਕੇ 'ਚ ਬਣੇ ਘਰ 'ਚੋਂ ਇਹ ਸ਼ਰਾਬ ਰੱਖੀ ਸੀ | ਛਾਪੇਮਾਰੀ ਦੌਰਾਨ ਪੁਲਿਸ ਨੂੰ 50 ਤੋਂ ਵੱਧ ਸ਼ਰਾਬ ਦੇ ਖਾਲੀ ਡੱਬੇ ਵੀ ਮਿਲੇ ਹਨ | ਇਹ ਸ਼ਰਾਬ ਕੌਣ ਵਿਅਕਤੀ ਇੱਥੇ ਲਿਆਇਆ ਅਤੇ ਇੱਥੋਂ ਸ਼ਰਾਬ ਪੰਜਾਬ ਦੇ ਕਿਹੜੇ-ਕਿਹੜੇ ਇਲਾਕੇ 'ਚ ਭੇਜੀ ਜਾ ਰਹੀ ਇਸ ਸੰਬੰਧੀ ਹਾਲੇ ਪੁਲਿਸ ਕੁਝ ਨਹੀਂ ਦੱਸ ਰਹੀ ਹੈ | ਖਾਲੀ ਡੱਬਿਆਂ ਵਾਲੀ ਸ਼ਰਾਬ ਕਿੱਥੇ ਗਈ ਹਾਲੇ ਇਹ ਸਵਾਲ ਬਣਿਆ ਹੋਇਆ ਹੈ | ਸੂਤਰਾਂ ਦਾ ਕਹਿਣਾ ਹੈ ਕਿ ਪਟਿਆਲਾ ਤੇ ਹਰਿਆਣਾ ਦੇ ਸਰਹੱਦੀ ਇਲਾਕੇ 'ਚ ਸ਼ਾਇਦ ਕੋਈ ਫ਼ਰਜ਼ੀ ਸ਼ਰਾਬ ਬਣਾ ਕੇ ਅੱਗੇ ਸਪਲਾਈ ਕਰ ਰਿਹਾ ਹੈ | ਹੈਰਾਨੀ ਹੁੰਦੀ ਹੈ ਕਿ ਇੰਨੀ ਵੱਡੀ ਗਿਣਤੀ 'ਚ ਸ਼ਰਾਬ ਇੱਥੇ ਕੌਣ ਲੈ ਕੇ ਆਇਆ ਤੇ ਇਸ ਪਿੱਛੇ ਕੌਣ ਹੈ | ਕੀ ਆਬਕਾਰੀ ਤੇ ਪੁਲਿਸ ਨੂੰ ਇਸ ਸੰਬੰਧੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ? ਇਸ ਕੇਸ ਦੀ ਪੜਤਾਲ ਕਰ ਰਹੇ ਸੀ.ਆਈ. ਦੇ ਮੁਖੀ ਇੰਸ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚੌਰਾ ਲਾਗੇ ਇਕ ਘਰ 'ਚ ਸ਼ਰਾਬ ਹੈ | ਜਿਸ ਤਹਿਤ ਉਨ੍ਹਾਂ ਦੇਰ ਰਾਤ ਛਾਪੇਮਾਰੀ ਕਰਨ ਉਪਰੰਤ 118 ਪੇਟੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਹੋਈਆਂ | ਇਸ ਮਾਮਲੇ 'ਚ ਉਨ੍ਹਾਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ | ਇਸ ਕੇਸ ਦੀ ਹਾਲੇ ਪੜਤਾਲ ਚੱਲ ਰਹੀ ਹੈ, ਜਾਂਚ ਪੂਰੀ ਹੋਣ ਉਪਰੰਤ ਹੀ ਹੋਰ ਕੁੱਝ ਇਸ ਕੇਸ ਬਾਰੇ ਦੱਸਿਆ ਜਾ ਸਕਦਾ ਹੈ | ਉਧਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਸ਼ਰਾਬ 'ਤੇ ਪੰਜਾਬ ਸੂਬੇ ਦੇ ਮਾਰਕਾ ਲਗਾ ਅਤੇ ਹਰਿਆਣਾ 'ਚ ਉੱਥੇ ਦਾ ਮਾਰਕਾ ਲਗਾ ਸਸਤੇ ਭਾਅ ਵੇਚੀ ਜਾਂਦੀ ਸੀ, ਨਕਲੀ ਸ਼ਰਾਬ ਹੋਣ ਨਾਲ ਬੋਤਲਾਂ, ਲੇਬਲ, ਹੋਲੋਗਰਾਮ ਅਤੇ ਬੋਤਲਾਂ ਅਤੇ ਢੱਕਣ ਵੀ ਫ਼ਰਜ਼ੀ ਵਰਤ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ | ਇਹ ਸ਼ਰਾਬ ਕਿਵੇਂ ਬਣਾ ਗਈ ਹੈ ਇਸ ਬਾਰੇ ਲੈਬੋਰੇਟਰੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ | ਅਜਿਹੀ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ, ਕਿਉਂਕਿ ਇਸ ਦੀ ਡਿਗਰੀ ਕਿਹੋ ਜਿਹੀ ਹੈ ਇਸ ਬਾਰੇ ਕੋਈ ਨਹੀਂ ਜਾਣਦਾ | 5 ਸਾਲਾ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਅੰਮਿ੍ਤਸਰ, ਤਰਨਤਾਰਨ, ਮਜੀਠਾ ਅਤੇ ਸੰਗਰੂਰ 'ਚ ਸੈਂਕੜਿਆਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | ਇਸ ਸੰਬੰਧੀ ਆਬਕਾਰੀ ਵਿਭਾਗ ਏਈਟੀਸੀ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |