ਸਮਾਣਾ, 16 ਅਕਤੂਬਰ (ਸਾਹਿਬ ਸਿੰਘ)-ਉਪ-ਮੰਡਲ ਸਮਾਣਾ ਦੇ ਪਿੰਡ ਕਕਰਾਲਾ ਭਾਈਕਾ ਦੀ ਸਾਬਕਾ ਮਹਿਲਾ ਸਰਪੰਚ ਵਲੋਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਫਾਹਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾ ਦੀ ਲਾਸ਼ ਨੂੰ ਮਵੀਕਲਾਂ ਪੁਲਿਸ ਵਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ | ਮਾਮਲੇ ਦੇ ਜਾਂਚ ਅਧਿਕਾਰੀ ਮਵੀਕਲਾਂ ਪੁਲਿਸ ਚੌਕੀ ਦੇ ਮੁਖੀ ਹਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਮਿ੍ਤਕਾ ਕਰਮਜੀਤ ਕੌਰ (36) ਦੇ ਪਿਤਾ ਰੁਲਦਾ ਰਾਮ ਵਾਸੀ ਪਿੰਡ ਧਨੌਲੀ ਮਾਜਰਾ (ਅੰਬਾਲਾ) ਵਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਧੀ ਆਪਣੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧਾਂ ਕਾਰਨ ਦੁਖੀ ਸੀ ਅਤੇ ਇਸੇ ਕਾਰਨ ਪਤੀ-ਪਤਨੀ ਦਾ ਆਪਸ ਵਿਚ ਕਲੇਸ਼ ਰਹਿੰਦਾ ਸੀ | ਇਸ ਵਿਚ ਪਤੀ ਦੀ ਮਾਂ ਅਤੇ ਭੈਣ ਵੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ | ਇਸ ਤੋਂ ਦੁਖੀ ਹੋ ਕੇ ਵੀਰਵਾਰ ਸਵੇਰੇ ਜਦੋਂ ਉਸ ਦੇ ਬੱਚੇ ਸਕੂਲ ਪੜ੍ਹਨ ਚਲੇ ਗਏ ਅਤੇ ਪਤੀ ਕੰਮ 'ਤੇ ਚਲਾ ਗਿਆ ਤਾਂ ਉਸ ਨੇ ਘਰ ਦੀ ਲੌਬੀ ਵਿਚ ਬਣੀ ਪੌੜੀਆਂ ਦੀ ਰੇਲਿੰਗ ਦੀ ਗਰਿੱਲ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਅਧਿਕਾਰੀ ਅਨੁਸਾਰ ਦਰਜ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਿ੍ਤਕਾ ਦੇ ਪਤੀ ਗੁਰਸੇਵਕ ਸਿੰਘ, ਸੱਸ, ਨਣਦ ਅਤੇ ਪਤੀ ਦੀ ਮਿੱਤਰ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਅਧਿਕਾਰੀ ਅਨੁਸਾਰ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |