ਸਮਾਣਾ, 17 ਅਕਤੂਬਰ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਮਨਿੰਦਰ ਕੌਰ ਪਤਨੀ ਵਰਿੰਦਰ ਸਿੰਘ ਵਾਸੀ ਅਜੀਤ ਨਗਰ ਵੱਡੀ ਮਾਜਰੀ ਸਮਾਣਾ ਵਲੋਂ ਪੁਲਿਸ ਨੂੰ ਦਿੱਤੀ ਦਰਖ਼ਾਸਤ 'ਤੇ ਕਾਰਵਾਈ ਕਰਦਿਆਂ ਦਲਜੀਤ ਸਿੰਘ ਪੁੱਤਰ ਸਵਰਨ ਸਿੰਘ ਅਤੇ ਕੁਲਵੰਤ ਕੌਰ ਪਤਨੀ ਦਲਜੀਤ ਸਿੰਘ ਵਾਸੀਆਨ ਅਜੀਤ ਨਗਰ ਸਮਾਣਾ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਨਿੰਦਰ ਕੌਰ ਨੇ ਆਪਣੀ ਦਰਖ਼ਾਸਤ ਵਿਚ ਦੋਸ਼ ਲਗਾਇਆ ਹੈ ਕਿ ਉਸ ਦਾ ਵਿਆਹ 17 ਅਕਤੂਬਰ 2022 ਨੂੰ ਵਰਿੰਦਰ ਸਿੰਘ ਪੁੱਤਰ ਪਲਵਿੰਦਰ ਸਿੰਘ ਨਾਲ ਹੋਇਆ ਸੀ | ਵਰਿੰਦਰ ਸਿੰਘ ਦੇ ਚਾਚਾ ਦਲਜੀਤ ਸਿੰਘ ਪਾਸ ਕੋਈ ਲੜਕਾ ਨਾ ਹੋਣ ਕਾਰਨ ਵਰਿੰਦਰ ਸਿੰਘ, ਦਲਜੀਤ ਸਿੰਘ ਪਾਸ ਹੀ ਰਹਿੰਦਾ ਸੀ | ਵਰਿੰਦਰ ਸਿੰਘ ਇਕ ਸਾਲ ਬਾਅਦ ਕੈਨੇਡਾ ਚਲਾ ਗਿਆ ਸੀ ਅਤੇ ਬਾਅਦ ਵਿਚ ਉਕਤ ਕਥਿਤ ਦੋਸ਼ੀ ਉਸ ਨੂੰ ਤੰਗ ਪੇ੍ਰਸ਼ਾਨ ਕਰਨ ਲੱਗ ਪਏ ਸਨ | 27 ਜੁਲਾਈ 2025 ਨੂੰ ਦੋਸ਼ੀਆਂ ਨੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਸੀ | ਉਸ ਦੇ ਪਤੀ ਵਲੋਂ ਕੁਲਵੰਤ ਕੌਰ ਦੇ ਖਾਤੇ ਵਿਚ 29 ਲੱਖ ਪਾਏ ਗਏ ਸਨ ਅਤੇ ਦਲਜੀਤ ਸਿੰਘ ਦੇ ਟਰੱਕ ਦੀਆਂ ਕਿਸ਼ਤਾਂ ਵੀ ਭਰੀਆਂ ਗਈਆਂ ਸਨ | ਪੰਚਾਇਤੀ ਸਮਝੌਤੇ ਦੌਰਾਨ ਕਥਿਤ ਦੋਸ਼ੀਆਂ ਨੇ 30 ਲੱਖ ਰੁਪਏ, ਸ਼ਾਦੀ ਦਾ ਸੋਨਾ ਕਰੀਬ 22 ਤੋਲੇ ਅਤੇ ਫ਼ਰਨੀਚਰ ਆਦਿ ਵਾਪਸ ਕਰਨ ਦਾ ਰਾਜ਼ੀਨਾਮਾ ਕੀਤਾ ਸੀ, ਪਰ ਕਥਿਤ ਦੋਸ਼ੀਆਂ ਨੇ ਕੁਝ ਵੀ ਵਾਪਸ ਨਹੀਂ ਕੀਤਾ | ਪੁਲਿਸ ਨੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |