ਪਟਿਆਲਾ, 6 ਨਵੰਬਰ (ਮਨਦੀਪ ਸਿੰਘ ਖਰੌੜ)-ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਹਰ ਸੀਜ਼ਨ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਵੱਖ-ਵੱਖ ਵਸੀਲਿਆਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਪਰ ਇਸ ਦੇ ਬਾਵਜੂਦ ਵੀ ਪਰਾਲੀ ਸਾੜਨ ਦੇ ਰੁਝਾਨ ਨੂੰ ਹਾਲੇ ਤੱਕ ਠੱਲ੍ਹ ਨਹੀਂ ਪਈ, ਜਿਸ ਤਹਿਤ ਪਟਿਆਲਾ ਪੁਲਿਸ ਨੇ ਜ਼ਿਲੇ੍ਹ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਸਖਤੀ ਕਰਦਿਆਂ ਇਕ ਦਿਨ ਵਿਚ 20 ਪਰਚੇ ਦਰਜ ਕੀਤੇ ਹਨ, ਜਿਸ ਵਿਚ 2 ਪਰਚੇ ਥਾਣਾ ਪਸਿਆਣਾ ਵਿਚ, 2 ਪਰਚੇ ਭਾਦਸੋਂ ਥਾਣਾ, 4 ਪਰਚੇ ਥਾਣਾ ਸਦਰ ਸਮਾਣਾ ਵਿਚ, 1 ਪਰਚਾ ਅਨਾਜ ਮੰਡੀ ਥਾਣੇ ਵਿਚ, 4 ਪਰਚੇ ਪਾਤੜਾਂ ਥਾਣੇ ਵਿਚ, 8 ਪਰਚੇ ਥਾਣਾ ਘੱਗਾ ਵਿਚ ਦਰਜ ਕੀਤੇ ਗਏ ਹਨ | ਇਸ ਸੰਬੰਧੀ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਸੰਬੰਧੀ ਪਹਿਲਾਂ ਹੀ ਪਟਿਆਲਾ ਪੁਲਿਸ ਵਲੋਂ ਪਿੰਡ ਪੱਧਰ 'ਤੇ ਜਾ ਕੇ ਵੱਖ ਵੱਖ ਜਾਗਰੂਕਤਾ ਕੈਂਪਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਕਈ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਨਹੀਂ ਹੱਟ ਰਹੇ | ਇਹ ਕੇਸ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੈਟੇਲਾਈਟ ਰਾਹੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਵਾਲੀ ਥਾਂ ਦੀ ਲੋਕੇਸ਼ਨ ਵਿਭਾਗ ਵਲੋਂ ਰੈਵੀਨਿਊ ਤੇ ਪੁਲਿਸ ਵਿਭਾਗ ਨੂੰ ਭੇਜ ਦਿੱਤੀ ਜਾਂਦੀ ਹੈ, ਜਿਸ ਤਹਿਤ ਰੈਵੀਨਿਊ ਵਿਭਾਗ ਉਸ ਖੇਤ ਦਾ ਖ਼ਸਰਾ ਤੇ ਖੇਵਟ ਨੰਬਰ ਕੱਢ ਕੇ ਜ਼ਮੀਨ ਮਾਲਕ 'ਤੇ ਕੇਸ ਦਰਜ ਕਰਨ ਦੀ ਤਜਵੀਜ਼ ਪੁਲਿਸ ਵਿਭਾਗ ਨੂੰ ਭੇਜ ਦਿੰਦਾ ਹੈ | ਇਸੇ ਜਾਣਕਾਰੀ ਅਨੁਸਾਰ ਪੁਲਿਸ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ | ਦੂਜੇ ਪਾਸੇ ਕਿਸਾਨ ਮਲਕੀਤ ਸਿੰਘ, ਬਲਕਾਰ ਸਿੰਘ, ਭਰਪੂਰ ਸਿੰਘ ਅਤੇ ਜ਼ਿਲੇ੍ਹ ਦੇ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਵਰ੍ਹੇ ਪਰਾਲੀ ਸਾੜਨ ਸੰਬੰਧੀ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ, ਪਰ ਅਜਿਹੀ ਜਾਗਰੂਕਤਾ ਦਾ ਕੀ ਫ਼ਾਇਦਾ ਜੇਕਰ ਸਰਕਾਰਾਂ ਵਲੋਂ ਪਰਾਲੀ ਦਾ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਲੋੜੀਂਦਾ ਮਸ਼ੀਨਰੀ ਸਮੇਂ ਸਿਰ ਮੁਹੱਈਆ ਨਹੀਂ ਕਰਵਾਈ ਜਾਂਦੀ |