ਪਟਿਆਲਾ, 3 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪ੍ਰਵਾਸੀ ਪੰਜਾਬੀ ਅਜੈਬ ਸਿੰਘ ਚੱਠਾ ਵਲੋਂ ਵਿਧਾਇਕ ਤੇ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਗੁਰਲਾਲ ਸਿੰਘ ਘਨੌਰ ਨਾਲ ਕਬੱਡੀ ਕਾਨਫ਼ਰੰਸ ਕਰਾਉਣ ਲਈ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਗੁਰਲਾਲ ਸਿੰਘ ਘਨੌਰ ਨਾਲ ਬੜੇ ਸੁਖਾਵੇਂ ਮਾਹੌਲ 'ਚ ਮੁਲਾਕਾਤ ਹੋਈ ਹੈ ਅਤੇ ਉਨ੍ਹਾਂ ਨੇ ਇਸ ਕਬੱਡੀ ਕਾਨਫ਼ਰੰਸ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ | ਸ. ਚੱਠਾ ਨੇ ਕਿਹਾ ਕਿ ਗੁਰਲਾਲ ਘਨੌਰ ਖ਼ੁਦ ਵੀ ਕਬੱਡੀ ਖੇਡ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਖਿਡਾਰੀ ਰਹੇ ਹਨ | ਇਸ ਲਈ ਉਨ੍ਹਾਂ ਦੀਆਂ ਸੇਵਾਵਾਂ ਹਰ ਪੱਖ ਤੋਂ ਅਹਿਮ ਹਨ | ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਜਗਤ ਪੰਜਾਬੀ ਸਭਾ ਵਲੋਂ ਵਿਦਵਾਨਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਤੇ ਬੇਨਤੀ ਕੀਤੀ ਹੈ ਕਿ ਪੰਜਾਬ ਸਟਾਈਲ ਕਬੱਡੀ ਦੇ ਇਤਿਹਾਸ, ਹੁਣ ਦੇ ਅਤੇ ਪਹਿਲੇ ਕਬੱਡੀ ਖਿਡਾਰੀਆਂ ਬਾਰੇ ਵਿਸ਼ੇਸ਼ ਖੋਜ ਪੇਪਰ ਛਾਪੇ ਜਾਣ | ਉਨ੍ਹਾਂ ਕਿਹਾ ਕਿ 1954 ਤੋਂ 1957 ਤੱਕ ਪਾਕਿਸਤਾਨ ਤੇ ਪੰਜਾਬ ਦੇ ਹੋਏ ਕਬੱਡੀ ਮੈਚਾਂ ਬਾਰੇ, 1973 ਤੇ 1974 ਵਿਚ ਹੋਏ ਇੰਗਲੈਂਡ ਤੇ ਪੰਜਾਬ ਦੇ ਮੈਚਾਂ ਬਾਰੇ, ਕਬੱਡੀ ਦਾ ਵਰਤਮਾਨ ਤੇ ਭਵਿੱਖ, ਕਬੱਡੀ ਦੇ ਨਿਯਮ, ਕਿਲ੍ਹਾ ਰਾਏਪੁਰ ਦੇ ਟੂਰਨਾਮੈਂਟ, ਪ੍ਰਮੋਟਰਾਂ ਬਾਰੇ, ਕਬੱਡੀ ਲੇਖਕਾਂ ਅਤੇ ਕੁਮੈਂਟੇਟਰਾਂ ਬਾਰੇ ਖੋਜ ਪੱਤਰ ਲਿਖਣ ਲਈ 15 ਜਨਵਰੀ 2026 ਤੋਂ ਪਹਿਲਾ ਪੇਸ਼ ਕਰਨ ਦੀ ਮੰਗ ਕੀਤੀ ਹੈ ਉਨ੍ਹਾਂ ਕਿਹਾ ਕਿ ਵਿਦਵਾਨਾਂ 'ਚ ਖੋਜ ਪੱਤਰ ਲਿਖਣ ਲਈ ਉਤਸ਼ਾਹ ਹੈ | ਅਜੈਬ ਸਿੰਘ ਚੱਠਾ ਨੇ ਕਿਹਾ ਕਿ ਬਹੁਤ ਸਾਰੇ ਕਬੱਡੀ ਪ੍ਰੇਮੀਆਂ ਨਾਲ ਸੰਪਰਕ ਬਣਾਇਆ ਗਿਆ ਹੈ, ਜਿਨ੍ਹਾਂ 'ਚ ਰੋਸ਼ਨ ਖੇੜਾ, ਪਿ੍ੰਸੀਪਲ ਸਰਵਣ ਸਿੰਘ, ਕੁਲਵੰਤ ਸਿੰਘ ਬੁਢਲਾਡਾ, ਬਲਬੀਰ ਸਿੰਘ ਕੰਵਲ (ਪਹਿਲੇ ਲੇਖਕ), ਤੇਜਿੰਦਰ ਸਿੰਘ ਬਿੱਲਾ, ਸਰਦੂਲ ਸਿੰਘ ਰੰਧਾਵਾ, ਅਜੈਬ ਸਿੰਘ ਗਰਚਾ, ਹਰਬੰਸ ਸਿੰਘ ਬੰਸਾ, ਸੁਰਜੀਤ ਸਿੰਘ ਸੈਦੋਵਾਲੀਆ, ਤਾਰਾ ਸਿੰਘ, ਛਿੰਦਾ ਬਹਰਾਮੀਆਂ, ਬਿੱਲਾ ਚੱਠਾ, ਰਾਜਬੰਸ ਸਿੰਘ ਗਿੱਲ ਡੀਨ ਐਲੂਮਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੁਖਦੇਵ ਸਿੰਘ ਸੰਧੂ ਐਡਵੋਕੇਟ, ਹਕੂਮਤ ਸਿੰਘ ਮੱਲ੍ਹੀ (ਸ਼ਹੀਦੇ ਆਜ਼ਮ ਭਗਤ ਸਿੰਘ ਭਾਣਜੇ) ਦੇ ਨਾਂ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ 'ਚ ਕਬੱਡੀ ਖਿਡਾਰੀਆਂ, ਲੇਖਕਾਂ, ਪ੍ਰੋਮੋਟਰਾਂ, ਕੁਮੈਂਟਰਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਕਬੱਡੀ ਬਾਰੇ ਲਿਖੀਆਂ ਸਾਰੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲੱਗੇਗੀ | ਡਾ. ਰਾਜਬੰਸ ਸਿੰਘ ਗਿੱਲ ਡੀਨ ਨੇ ਕਿਹਾ ਕਿ ਕਬੱਡੀ ਕਾਨਫ਼ਰੰਸ ਦੇ, ਐਲੂਮਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਜਗਤ ਪੰਜਾਬੀ ਸਭਾ ਨਾਲ ਰਲ ਕੇ ਸਾਂਝੇ ਤੌਰ 'ਤੇ ਪ੍ਰਬੰਧ ਕੀਤੇ ਜਾਣਗੇ |