31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਨਗਰ ਨਿਗਮ ਦੀ ਐੱਫ ਐਂਡ ਸੀ. ਸੀ. ਮੀਟਿੰਗ 'ਚ 7.50 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ

ਅਜੀਤ ਡੈਸਕ 24-12-2025
ਪਟਿਆਲਾ, 23 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀ ਹੋਈ ਅਹਿਮ ਐੱਫ ਐਂਡ ਸੀ. ਸੀ. ਦੀ ਮੀਟਿੰਗ ਵਿਚ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ 7.50 ਕਰੋੜ ਦੇ ਵਰਕ ਆਰਡਰ ਜਾਰੀ ਕੀਤੇ ਗਏ ਅਤੇ ਇਸ ਦੇ ਨਾਲ ਹੀ 5.50 ਕਰੋੜ ਦੇ ਐਸਟੀਮੇਟ ਨੂੰ ਵੀ ਪ੍ਰਵਾਨਗੀ ਦਿੱਤੀ ਗਈ | ਇਸ ਮੌਕੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਨਗਰ ਨਿਗਮ ਦੀ ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ ਦੀ ਮੀਟਿੰਗ ਵਿਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਅਤੇ ਏਜੰਡੇ ਤੋਂ ਬਾਹਰ ਹੋਰਨਾਂ ਕੰਮਾਂ 'ਤੇ ਵਿਚਾਰ ਅਤੇ ਮਨਜ਼ੂਰੀ ਦਿੱਤੀ ਗਈ | ਮੀਟਿੰਗ ਦੌਰਾਨ ਸੜਕਾਂ, ਸਟਰੀਟ ਲਾਈਟਾਂ, ਸਾਈਨ ਬੋਰਡ, ਸਿਵਲ ਕੰਮਾਂ, ਡਰੇਨੇਜ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਜੁੜੇ ਅਨੇਕਾਂ ਪ੍ਰੋਜੈਕਟਾਂ 'ਤੇ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਹਰੀ ਝੰਡੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜਨਤਾ ਦੇ ਟੈਕਸ ਦਾ ਪੈਸਾ ਜਨਤਾ ਲਈ ਹੀ ਖਰਚ ਕੀਤਾ ਜਾਵੇਗਾ | ਨਿਗਮ ਅਧਿਕਾਰੀਆਂ ਨੇ ਕਿਹਾ ਕਿ ਇਹ ਸਾਰੇ ਵਿਕਾਸ ਕੰਮ ਨਿਰਧਾਰਿਤ ਸਮੇਂ ਅੰਦਰ ਪੂਰੇ ਕਰਵਾਏ ਜਾਣਗੇ ਅਤੇ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ | ਨਗਰ ਨਿਗਮ ਵਲੋਂ ਲਏ ਗਏ ਇਹ ਫੈਸਲੇ ਪਟਿਆਲਾ ਨੂੰ ਹੋਰ ਸੁੰਦਰ, ਸੁਰੱਖਿਅਤ ਅਤੇ ਆਧੁਨਿਕ ਸ਼ਹਿਰ ਬਣਾਉਣ ਵੱਲ ਇਕ ਮਜਬੂਤ ਕਦਮ ਸਾਬਤ ਹੋਣਗੇ | ਇਸ ਮੌਕੇ ਐੱਫ. ਐਂਡ ਸੀ. ਸੀ. ਦੀ ਮੀਟਿੰਗ 'ਚ ਕੁਝ ਮੱਦਾਂ ਨਿਰਧਾਰਿਤ ਏਜੰਡੇ ਤੋਂ ਬਾਹਰ ਲਿਆਂਦੀਆਂ ਗਈਆਂ ਜਿਨ੍ਹਾਂ 'ਚ ਪਟਿਆਲਾ ਸ਼ਹਿਰ ਵਿਚ ਬੱਸ ਸਟਾਪਾਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਲਗਪਗ 32.17 ਲੱਖ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ, ਪਟਿਆਲਾ-2 ਖੇਤਰ ਵਿਚ ਵੱਖ-ਵੱਖ ਸੀ.ਸੀ. ਅਤੇ ਟਾਈਲਾਂ ਵਾਲੀਆਂ ਸੜਕਾਂ ਦੀ ਮੁਰੰਮਤ ਲਈ 23.35 ਲੱਖ ਰੁਪਏ ਤੇ ਲੁੱਕ ਵਾਲੀਆਂ ਸੜਕਾਂ 'ਤੇ ਪੈਚਵਰਕ ਲਈ 24.96 ਲੱਖ ਰੁਪਏ ਖਰਚ ਕਰਨ ਬਾਰੇ |
ਵਾਰਡ ਨੰਬਰ 6 (ਆਨੰਦ ਨਗਰ, ਗੁਰੂ ਨਾਨਕ ਗੁਰਦੁਆਰਾ ਸਟਰੀਟ) ਵਿਚ ਸੀ.ਸੀ. ਫਲੋਰਿੰਗ ਲਈ ਸਭ ਤੋਂ ਵੱਧ 45.47 ਲੱਖ ਰੁਪਏ ਦਾ ਅੰਦਾਜ਼ਨ ਰਾਸ਼ੀ ਤੋਂ ਇਲਾਵਾ ਜੁਝਾਰ ਨਗਰ (ਵਾਰਡ ਨੰ. 27) ਵਿਚ 26.70 ਲੱਖ ਅਤੇ ਬਾਜਵਾ ਕਲੋਨੀ ਵਾਰਡ ਨੰ. 24 ਵਿਚ 23.15 ਲੱਖ ਰੁਪਏ ਨਾਲ ਗਲੀਆਂ ਪੱਕੀਆਂ ਕਰਨ | ਇਸ ਤੋਂ ਇਲਾਵਾ ਵਾਰਡ ਨੰਬਰ 18 ਭਰਤ ਨਗਰ ਤੇ ਸੰਤ ਅਤਰ ਸਿੰਘ ਨਗਰ, ਵਾਰਡ ਨੰਬਰ 12 ਹੋਟਲ ਕਲੈਰੀਅਨ ਦੇ ਪਿੱਛੇ, ਵਾਰਡ ਨੰਬਰ 7 ਅਤੇ ਘੁੰਮਣ ਨਗਰ-ਬੀ ਦੀ ਸਰਵਿਸ ਰੋਡ 'ਤੇ ਵੀ ਸੀ.ਸੀ. ਫਲੋਰਿੰਗ ਬਣਾਉਣ ਦੀ ਤਜਵੀਜ ਰੱਖੀ ਗਈ | ਇਸ ਮੌਕੇ ਕਮਿਸ਼ਨਰ ਪਰਮਜੀਤ ਸਿੰਘ, ਸਹਾਇਕ ਕਮਿਸ਼ਨਰ ਰਵਦੀਪ ਸਿੰਘ, ਨਿਗਰਾਨ ਇੰਜੀਨੀਅਰ ਜਤਿੰਦਰ ਪਾਲ ਸਿੰਘ, ਨਿਗਰਾਨ ਇੰਜੀਨੀਅਰ ਰਾਜਿੰਦਰ ਚੋਪੜਾ, ਐਕਸੀਅਨ ਨਰਾਇਣ ਦਾਸ, ਡਾ ਨਵੀਨ ਗਰਗ ਹੈਲਥ ਅਫ਼ਸਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਰਾਤ ਸਮੇਂ ਵਾਹਨਾਂ ਨੂੰ ਇੱਟਾਂ ਰੋੜੇ ਮਾਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਡੀ. ਐੱਸ. ਪੀ. ਬਰਾੜ ਅਗਲੀ ਖ਼ਬਰ ਲੰਮੇ ਸਮੇਂ ਤੋਂ ਆ ਰਹੀ ਸੀਵਰੇਜ ਸਮੱਸਿਆ ਦਾ ਕੱਢਿਆ ਹੱਲ- ਕੌਂਸਲਰ ਜਯੋਤੀ ਮਰਵਾਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।