ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਵਲੋਂ ਜਿੱਥੇ ਜ਼ਿਲ੍ਹੇ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਮਾੜੇ/ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ, ਨਸ਼ੇ ਦਾ ਖ਼ਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਆਮ ਲੋਕਾਂ ਨੂੰ ਆਧੁਨਿਕ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ | ਅੱਜ ਸੀ.ਈ.ਆਈ.ਆਰ. ਪੋਰਟਲ ਦੀ ਮਦਦ ਨਾਲ ਲੋਕਾਂ ਦੇ ਗੁੰਮ ਹੋਏ 112 ਮੋਬਾਈਲ ਫ਼ੋਨ ਟਰੇਸ ਕਰਕੇ ਡਾ. ਅਖਿਲ ਚੌਧਰੀ ਵਲੋਂ ਫ਼ੋਨ ਮਾਲਕਾਂ ਨੂੰ ਸੌਂਪੇ ਗਏ | ਇਸ ਮੌਕੇ ਅਮਨਦੀਪ ਸਿੰਘ ਡੀ.ਐੱਸ.ਪੀ. (ਐੱਚ), ਐੱਸ.ਆਈ. ਹਰਪ੍ਰੀਤ ਕੌਰ ਇੰਚਾਰਜ ਟੈਕਨੀਕਲ ਸੈੱਲ ਹਾਜ਼ਰ ਸਨ | ਇਸ ਮੌਕੇ ਡਾ. ਅਖਿਲ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੋਬਾਈਲ ਗੁੰਮ ਹੋਣ ਬਾਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਸ਼ਿਕਾਇਤਾਂ ਮੌਸੂਲ ਹੋਈਆਂ ਸਨ | ਇਨ੍ਹਾਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵਲੋਂ ਇਨ੍ਹਾਂ ਗੁੰਮ ਹੋਏ ਮੋਬਾਈਲ ਫ਼ੋਨਾਂ ਨੂੰ ਸੀ.ਈ ਆਈ.ਆਰ. ਪੋਰਟਲ ਰਾਹੀਂ ਟਰੇਸਿੰਗ 'ਤੇ ਲਗਾਇਆ ਗਿਆ ਸੀ, ਜਿਸ 'ਤੇ 112 ਮੋਬਾਈਲ ਫ਼ੋਨ ਚਲਦੇ ਪਾਏ ਗਏ | ਇਹ ਮੋਬਾਈਲ ਫ਼ੋਨ ਟੈਕਨੀਕਲ ਟੀਮ ਵਲੋਂ ਟਰੇਸ ਕਰਕੇ ਅੱਜ ਮੋਬਾਈਲ ਮਾਲਕਾਂ ਨੂੰ ਦਫ਼ਤਰ ਬੁਲਾ ਕੇ ਉਨ੍ਹਾਂ ਨੂੰ ਸੌਂਪੇ ਗਏ | ਉਨ੍ਹਾਂ ਦੱਸਿਆ ਕਿ 1 ਜਨਵਰੀ 2023 ਤੋਂ ਹੁਣ ਤੱਕ ਤਕਰੀਬਨ 1060 ਦੇ ਕਰੀਬ ਮੋਬਾਈਲ ਫ਼ੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਚੁੱਕਿਆ ਹੈ, ਜਿਨ੍ਹਾਂ ਦੀ ਕੀਮਤ ਲਗਪਗ 2 ਕਰੋੜ 2 ਲੱਖ 50 ਹਜ਼ਾਰ ਰੁਪਏ ਬਣਦੀ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਮੋਬਾਈਲ ਗੁੰਮ ਹੁੰਦਾ ਹੈ ਤਾਂ ਉਹ ਮੋਬਾਇਲ ਦਾ ਮਾਰਕਾ, ਆਈ.ਐੱਮ.ਈ.ਆਈ. ਨੰਬਰ, ਕੰਪਨੀ ਅਤੇ ਮੋਬਾਈਲ ਵਿਚ ਪਹਿਲਾਂ ਚੱਲਦੇ ਫ਼ੋਨ ਨੰਬਰ ਵਗੈਰਾ ਦਾ ਵੇਰਵਾ ਦਿੰਦੇ ਹੋਏ ਸ਼ਿਕਾਇਤ ਨੇੜੇ ਪੁਲਿਸ ਸਾਂਝ ਕੇਂਦਰ ਵਿਚ ਦਰਜ ਕਰਵਾਉਣ, ਤਾਂ ਜੋ ਉਨ੍ਹਾਂ ਦਾ ਮੋਬਾਈਲ ਫ਼ੋਨ ਟਰੇਸਿੰਗ 'ਤੇ ਲਗਾਉਣ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਆਮ ਲੋਕ ਸੀ.ਈ.ਆਈ.ਆਰ. (ਸੈਂਟਰਲ ਇਕਿਊਪਮੈਂਟ ਆਈਡੈਂਟਟੀ ਰਜਿਸਟਰ) ਪੋਰਟਲ 'ਤੇ ਆਪਣੀ ਸ਼ਿਕਾਇਤ ਨੰਬਰ (ਯੂ.ਆਈ.ਡੀ. ਨੰਬਰ) ਅਪਡੇਟ ਕਰਕੇ ਆਪਣੇ ਗੁੰਮ ਹੋਏ ਮੋਬਾਇਲ ਫ਼ੋਨ ਦਾ ਸਟੇਟਸ ਚੈੱਕ ਕਰ ਸਕਦੇ ਹਨ | ਇਸ ਦੇ ਨਾਲ ਹੀ ਮੋਬਾਈਲ ਫ਼ੋਨ ਗੁੰਮ ਹੋਣ ਦੀ ਸ਼ਿਕਾਇਤ ਆਪਣੇ ਨੇੜੇ ਦੇ ਥਾਣੇ ਜਾਂ ਟੈਕਨੀਕਲ ਦਫ਼ਤਰ ਆ ਕੇ ਵੀ ਦੇ ਸਕਦੇ ਹਨ |